ਮੈਟਾ ਅਤੇ ਗੂਗਲ ਅਧਿਕਾਰੀ ਈਡੀ ਅੱਗੇ ਪੇਸ਼ ਨਹੀਂ ਹੋਏ
ਨਵੀਂ ਦਿੱਲੀ : ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੇ ਪਲੇਟਫਾਰਮਾਂ ਨੂੰ ਉਤਸ਼ਾਹਿਤ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਤਕਨੀਕੀ ਦਿੱਗਜ ਮੈਟਾ ਅਤੇ ਗੂਗਲ ਦੇ ਕਾਰਜਕਾਰੀ ਅਧਿਕਾਰੀ ਸੋਮਵਾਰ ਨੂੰ ਨਿਰਧਾਰਤ ਸਮੇਂ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਈਡੀ ਵੱਲੋਂ 28 ਜੁਲਾਈ ਲਈ ਨਵੇਂ ਸੰਮਨ ਜਾਰੀ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਕੁਝ ਅਦਾਕਾਰ, ਮਸ਼ਹੂਰ ਹਸਤੀਆਂ ਅਤੇ ਖਿਡਾਰੀ ਵੀ ਏਜੰਸੀ ਦੀ ਨਜ਼ਰ ਹੇਠ ਹਨ ਅਤੇ ਉਨ੍ਹਾਂ ਦੇ ਵੀ ਈਡੀ ਸਾਹਮਣੇ ਪੇਸ਼ ਹੋਣ ਦੀ ਉਮੀਦ ਹੈ। ਈਡੀ ਨੇ ਕਿਹਾ ਹੈ ਕਿ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੇ ਪਲੇਟਫਾਰਮ ਨਿਰਦੋਸ਼ ਲੋਕਾਂ ਤੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਠੱਗ ਰਹੇ ਸਨ ਅਤੇ ਕਰੋੜਾਂ ਰੁਪਏ ਦੇ ਟੈਕਸਾਂ ਦੀ ਲਾਂਡਰਿੰਗ ਅਤੇ ਚੋਰੀ ਵੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਦੋਵਾਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਸੰਘੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਅਤੇ ਆਪਣੇ ਬਿਆਨ ਦਰਜ ਕਰਵਾਉਣ ਤੋਂ ਪਹਿਲਾਂ ਸੰਬੰਧਤ ਜਾਣਕਾਰੀ ਅਤੇ ਦਸਤਾਵੇਜ਼ ਇਕੱਠੇ ਕਰਨ ਲਈ ਸਮੇਂ ਦੀ ਮੰਗ ਕਰਦਿਆਂ 21 ਜੁਲਾਈ ਦੇ ਸੰਮਨਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਕਾਰਜਕਾਰੀ ਅਧਿਕਾਰੀਆਂ ਨੂੰ ਇੱਕ ਹਫ਼ਤੇ ਦਾ ਵਾਧਾ ਦਿੱਤਾ ਗਿਆ ਹੈ ਅਤੇ 28 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।