ਉੱਤਰਕਾਸ਼ੀ ’ਚ ਬੱਦਲ ਫਟਿਆ; ਅੱਧਾ ਧਰਾਲੀ ਪਿੰਡ ਰੁੜਿ੍ਹਆ, ਚਾਰ ਮੌਤਾਂ
ਚੰਡੀਗੜ੍ਹ : ਉੱਤਰਕਾਸ਼ੀ ਦੇ ਹਰਸ਼ੀਲ ਇਲਾਕੇ ਦੇ ਧਰਾਲੀ ਪਿੰਡ ਵਿਚ ਮੰਗਲਵਾਰ ਨੂੰ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿੰਡ ਦਾ ਅੱਧਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ ਅਤੇ ਕਈ ਲੋਕ ਲਾਪਤਾ ਹੋ ਗਏ। ਮਿੱਟੀ ਦੀ ਗਾਰ ਵਾਲਾ ਪਾਣੀ ਪੂਰੇ ਪਿੰਡ ਵਿਚ ਭਰ ਗਿਆ। ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਗੰਗੋਤਰੀ ਜਾਣ ਵਾਲੇ ਰਸਤੇ ’ਤੇ ਧਾਰਲੀ ਦੇ ਉੱਚਾਈ ਵਾਲੇ ਪਿੰਡਾਂ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਕਈ ਘਰ ਪਾਣੀ ਵਿੱਚ ਰੁੜ ਗਏ ਜਾਂ ਨੁਕਸਾਨੇ ਗਏ ਅਤੇ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਧਰਾਲੀ ਗੰਗੋਤਰੀ ਜਾਣ ਵਾਲੇ ਰਸਤੇ ਵਿਚ ਠਹਿਰਾਅ ਦਾ ਮੁੱਖ ਪੜਾਅ ਹੈ ਅਤੇ ਬਹੁਤ ਸਾਰੇ ਹੋਟਲ, ਰੈਸਟੋਰੈਂਟ ਅਤੇ ਹੋਮ ਸਟੇਅ ਹਨ।
ਇਹ ਪਿੰਡ, ਜੋ ਕਿ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ ਤੇ ਜਿੱਥੇ ਕਰੀਬ 20-25 ਹੋਟਲ ਅਤੇ ਹੋਮਸਟੇਅ ਹਨ, ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਦਾਰੇ ਤਬਾਹ ਹੋ ਗਏ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਕਿਤੇ ਬੱਦਲ ਫਟਣ ਕਾਰਨ ਭਿਆਨਕ ਹੜ੍ਹ ਆਇਆ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਪ੍ਰਸ਼ਾਂਤ ਆਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਰਿਪੋਰਟਾਂ ਅਨੁਸਾਰ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਰਸ਼ਿਲ ਤੋਂ ਫੌਜ ਦੀ ਇੱਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਇੱਕ ਪਿੰਡ ਵਾਸੀ ਰਾਜੇਸ਼ ਪੰਵਾਰ ਨੇ ਪੀਟੀਆਈ ਨੂੰ ਦੱਸਿਆ ਕਿ ਮਲਬੇ ਹੇਠ ਲਗਭਗ 10-12 ਲੋਕ ਦੱਬੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ 20-25 ਹੋਟਲ ਅਤੇ ਹੋਮਸਟੇਅ ਰੁੜ੍ਹ ਗਏ ਹੋ ਸਕਦੇ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਧਰਾਲੀ (ਉੱਤਰਕਾਸ਼ੀ) ਖੇਤਰ ਵਿੱਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਦੀ ਖ਼ਬਰ ਬਹੁਤ ਦੁਖਦਾਈ ਅਤੇ ਦਰਦਨਾਕ ਹੈ। S4R6, N4R6, ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੰਗੀ ਪੱਧਰ ’ਤੇ ਲੱਗੀਆਂ ਹੋਈਆਂ ਹਨ।’’ ਉਨ੍ਹਾਂ ਕਿਹਾ, ‘‘ਮੈਂ ਇਸ ਸਬੰਧ ਵਿੱਚ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।’’
ਉੱਤਰਕਾਸ਼ੀ ’ਚ ਬੱਦਲ ਫਟਿਆ; ਅੱਧਾ ਧਰਾਲੀ ਪਿੰਡ ਰੁੜਿ੍ਹਆ, ਚਾਰ ਮੌਤਾਂ
Cloudburst in Uttarkashi: Four Dead, Half of Dharali Village Washed Away