ਪਟਿਆਲਾ ਦੇ ਪਿੰਡਾਂ ’ਚ ਅਲਰਟ ਜਾਰੀ

0
50

ਪਟਿਆਲਾ “: ਸਥਾਨਕ ਪ੍ਰਸ਼ਾਸਨ ਨੇ ਘੱਗਰ ਨਦੀ ਦੇ ਨੇੜੇ ਇੱਕ ਦਰਜਨ ਤੋਂ ਵੱਧ ਪਿੰਡਾਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਰਾਜਪੁਰਾ, ਘਨੌਰ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਨਦੀ ਵੱਲ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਣ ਵਾਲੀ ਇਸ ਮੌਸਮੀ ਨਦੀ ਨੇ 2010 ਅਤੇ 2023 ਵਿੱਚ ਭਾਰੀ ਤਬਾਹੀ ਮਚਾਈ ਸੀ ਅਤੇ ਇਹ ਲਗਪਗ ਹਰ ਦੂਜੇ ਸਾਲ ਇਹ ਨੁਕਸਾਨ ਕਰਦੀ ਆ ਰਹੀ ਹੈ। ਵਸਨੀਕਾਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਬਾਰੇ ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਸੁਚੇਤ ਕੀਤਾ ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ। ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ, ਅਫਵਾਹਾਂ ਫੈਲਾਉਣ ਤੋਂ ਬਚਣ ਅਤੇ ਪਾਣੀ ਨਾਲ ਸਬੰਧਤ ਕਿਸੇ ਵੀ ਐਮਰਜੈਂਸੀ ਦੀ ਤੁਰੰਤ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰ 0175-2350550 ’ਤੇ ਦੇਣ ਦੀ ਅਪੀਲ ਕੀਤੀ ਹੈ।
ਘੱਗਰ, ਜਿਸ ਵਿੱਚ ਪਹਾੜਾਂ ਵਿੱਚ ਹੋਣ ਵਾਲੇ ਮੀਂਹ ਦਾ ਪਾਣੀ ਆਉਂਦਾ ਹੈ, ਹਰ ਮਾਨਸੂਨ ਵਿੱਚ ਇਲਾਕਾ ਵਾਸੀਆਂ ਲਈ ਡਰ ਦਾ ਕਾਰਨ ਬਣਦੀ ਹੈ। ਕਿਸੇ ਸਮੇਂ ਇਸ ਦਰਿਆ ਨੂੰ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਮੰਨਿਆ ਜਾਂਦਾ ਸੀ, ਪਰ ਸਾਲਾਨਾ ਹੜ੍ਹਾਂ ਕਾਰਨ ਇਹ ਹੌਲੀ-ਹੌਲੀ ਇਹ ਸਹਿਮ ਦਾ ਕਾਰਨ ਬਣ ਗਿਆ ਹੈ। ਇੱਕ ਤੋਂ ਬਾਅਦ ਇੱਕ ਆਈਆਂ ਸਰਕਾਰਾਂ ਇਸ ਮੁੱਦੇ ’ਤੇ ਕਾਰਵਾਈ ਕਰਨ ਵਿੱਚ ਅਸਫਲ ਰਹੀਆਂ ਹਨ ਕਿਉਂਕਿ ਇਸ ਪ੍ਰਾਜੈਕਟ ਲਈ ਬਹੁਤ ਸਾਰੇ ਫੰਡਾਂ ਦੀ ਲੋੜ ਹੋਵੇਗੀ, ਨਾਲ ਹੀ ਜ਼ਮੀਨ ਵੀ ਐਕੁਆਇਰ ਕਰਨੀ ਪਵੇਗੀ। ਪੰਜਾਬ ਅਤੇ ਹਰਿਆਣਾ, ਜੋ ਅਕਸਰ ਪਾਣੀ ਦੇ ਮੁੱਦਿਆਂ ’ਤੇ ਇੱਕ-ਦੂਜੇ ’ਤੇ ਦੋਸ਼ ਮੜ੍ਹਦੇ ਨਜ਼ਰ ਆਉਂਦੇ ਹਨ, ਵਿਚਾਲੇ ਤਾਲਮੇਲ ਦੀ ਘਾਟ ਦੋਵਾਂ ਸੂਬਿਆਂ ਦੇ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।

LEAVE A REPLY

Please enter your comment!
Please enter your name here