ਓਨਟਾਰੀਓ : ਕੈਨੇਡੀਅਨ ਪੁਲੀਸ ਨੇ ਦੱਸਿਆ ਹੈ ਕਿ ਕੈਨੇਡਾ ਵਿੱਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਉਤੇ ਇਕ ਨਿਸ਼ਾਨਾ ਖੁੰਝੀ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ’ਤੇ ਪਹਿਲੇ ਦਰਜੇ ਦਾ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਗ਼ੌਰਤਲਬ ਹੈ ਕਿ ਗੈਂਗਵਾਰ ਵਿਚ ਚੱਲੀ ਇਸ ਗੋਲੀ ਕਾਰਨ ਹਰਸਿਮਰਤ ਦੀ ਮੌਤ ਹੋ ਗਈ ਸੀ। ਹੈਮਿਲਟਨ ਪੁਲੀਸ ਨੇ ਮੰਗਲਵਾਰ ਨੂੰ ਓਨਟਾਰੀਓ ਦੇ ਨਿਆਗਰਾ ਫਾਲਜ਼ ਵਿਖੇ 32 ਸਾਲਾ ਮੁਲਜ਼ਮ ਜੇਰਡੇਨ ਫੋਸਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਵੀ ਲਗਾਏ ਗਏ ਹਨ।
ਮੋਹਾਕ ਕਾਲਜ ਵਿੱਚ ਫਿਜ਼ੀਓਥੈਰੇਪੀ ਕੋਰਸ ਦੀ ਪੜ੍ਹਾਈ ਕਰ ਰਹੀ ਦੂਜੇ ਸਾਲ ਦੀ ਵਿਦਿਆਰਥਣ ਹਰਸਿਮਰਤ ਰੰਧਾਵਾ ਨੂੰ ਬੀਤੀ 17 ਅਪਰੈਲ ਨੂੰ ਅੱਪਰ ਜੇਮਜ਼ ਸਟਰੀਟ ਅਤੇ ਸਾਊਥ ਬੈਂਡ ਰੋਡ ਦੇ ਚੌਰਾਹੇ ’ਤੇ ਇੱਕ ਬੱਸ ਸਟਾਪ ’ਤੇ ਅਚਾਨਕ ਗੋਲੀ ਲੱਗ ਗਈ ਸੀ। ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਭਾਰਤੀ ਵਿਦਿਆਰਥਣ ਕਥਿਤ ਤੌਰ ’ਤੇ ਬੱਸ ਤੋਂ ਉਤਰੀ ਸੀ ਅਤੇ ਸੜਕ ਪਾਰ ਕਰਨ ਦੀ ਉਡੀਕ ਕਰ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।
ਇਸ ਗੈਂਗਵਾਰ ਵਿਚ ਚਾਰ ਕਾਰਾਂ ’ਚ ਘੱਟੋ-ਘੱਟ ਸੱਤ ਲੋਕ ਵਿੱਚ ਸ਼ਾਮਲ ਸਨ, ਜਿਸ ਕਾਰਨ ਗੋਲੀਬਾਰੀ ਹੋਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਰਾਂ ਵਿਚਕਾਰ ਗੋਲੀਆਂ ਚਲਾਈਆਂ ਗਈਆਂ ਅਤੇ ਘੱਟੋ-ਘੱਟ ਦੋ ਬੰਦੂਕਾਂ ਦੀ ਵਰਤੋਂ ਕੀਤੀ ਗਈ।
ਰਿਪੋਰਟ ਵਿੱਚ ਰੀਡ ਦੇ ਹਵਾਲੇ ਨਾਲ ਵੀਰਵਾਰ ਨੂੰ ਕਿਹਾ ਗਿਆ ਹੈ, ‘ਹਰਸਿਮਰਤ ਇੱਕ ਨਿਰਦੋਸ਼ ਰਾਹਗੀਰ ਸੀ… ਉਹ ਇੱਕ ਸਥਾਨਕ ਜਿਮ ਤੋਂ ਘਰ ਜਾ ਰਹੀ ਸੀ ਜਦੋਂ ਉਸਨੂੰ ਗੋਲੀ ਮਾਰ ਕੇ ਹਲਾਕ ਦਿੱਤਾ ਗਿਆ।’ ਇਸ ਮਾਮਲੇ ਵਿੱਚ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਰੀਡ ਨੇ ਕਿਹਾ, “ਜਾਂਚ ਅਜੇ ਵੀ ਜਾਰੀ ਹੈ ਅਤੇ ਅਸੀਂ ਇਸ ਮੌਤ ਵਿੱਚ ਸ਼ਾਮਲ ਇਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਨ, ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ।” ਉਨ੍ਹਾਂ ਕਿਹਾ ਕਿ ਫੋਸਟਰ, ਜਿਸਦਾ ਹੈਮਿਲਟਨ, ਹਾਲਟਨ ਅਤੇ ਨਿਆਗਰਾ ਖੇਤਰਾਂ ਨਾਲ ਸਬੰਧ ਹੈ ਅਤੇ ਥੋੜ੍ਹੇ ਸਮੇਂ ਲਈ ਕਿਰਾਏ ਦੀਆਂ ਜਾਇਦਾਦਾਂ ਵਿੱਚ ਰਹਿੰਦਾ ਸੀ, ਬਾਰੇ ਪਹਿਲਾਂ ਪੁਲੀਸ ਨੂੰ ਪਤਾ ਸੀ।
ਕੈਨੇਡਾ ਵਿੱਚ ਭਾਰਤੀ ਵਿਦਿਆਰਥਣ ਨੂੰ ਗੋਲੀ ਮਾਰਨ ਵਾਲਾ ਕਾਬੂ
Jeradon Foster charged with murdering 21-year-old Indian student Harsimrat Randhawa in Hamilton gang crossfire. Arrested after April bus stop shooting; police hunt 6+ accomplices."