ਗਾਇਕ ਕਰਨ ਔਜਲਾ ਤੇ ਹਨੀ ਸਿੰਘ ਮਹਿਲਾ ਕਮਿਸ਼ਨ ਅੱਗੇ ਨਾ ਹੋਏ ਪੇਸ਼
ਮੁਹਾਲੀ : ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ, ਜਿਨ੍ਹਾਂ ਨੂੰ ਪਿਛਲੇ ਦਿਨੀ ਆਪਣੇ ਗੀਤਾਂ ਵਿੱਚ ਔਰਤਾਂ ਪ੍ਰਤੀ ਅਸੱਭਿਅਕ ਸ਼ਬਦਾਵਲੀ ਵਰਤਣ ਦੇ ਕਥਿਤ ਦੋਸ਼ਾਂ ਅਧੀਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਅੱਜ ਮਹਿਲਾ ਕਮਿਸ਼ਨ ਦੇ ਦਫ਼ਤਰ ਪੇਸ਼ ਹੋਣ ਲਈ ਕਿਹਾ ਗਿਆ ਸੀ, ਉਹ ਅੱਜ ਕਮਿਸ਼ਨ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਪੇਸ਼ ਨਹੀਂ ਹੋਏ।
ਦੋਵੇਂ ਗਾਇਕ ਵਿਦੇਸ਼ ਵਿੱਚ ਹੋਣ ਕਾਰਨ ਉਨ੍ਹਾਂ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਫੋਨ ਉੱਤੇ ਗੱਲ ਕਰ ਕੇ ਆਪਣੇ ਗੀਤਾਂ ਵਿੱਚ ਔਰਤਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਮਿਸ਼ਨ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਵਾਪਸ ਪਰਤਣ ਉਪਰੰਤ ਕਮਿਸ਼ਨ ਦੇ ਦਫਤਰ ਵਿੱਚ ਪੇਸ਼ ਹੋਣਗੇ।
ਦੱਸਣਯੋਗ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਡੀਜੀਪੀ ਪੰਜਾਬ ਅਤੇ ਡਾਇਰੈਕਟਰ ਬੀਓਆਈ ਨੂੰ ਅਲੱਗ-ਅਲੱਗ ਪੱਤਰ ਲਿਖ ਕੇ ਦੋਵੇਂ ਗਾਇਕਾਂ ਖ਼ਿਲਾਫ਼ ਉਨ੍ਹਾਂ ਦੇ ਗੀਤਾਂ ਵਿੱਚ ਔਰਤਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਲਈ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ 11 ਅਗਸਤ ਨੂੰ ਮਹਿਲਾ ਕਮਿਸ਼ਨ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਹਾਜ਼ਰ ਕਰਨ ਲਈ ਨਿਰਦੇਸ਼ ਦਿੱਤੇ ਸਨ।