ਰਾਹੁਲ ਗਾਂਧੀ, ਪ੍ਰਿਯੰਕਾ, ਖੜਗੇ ਤੇ ਹੋਰ ਆਗੂਆਂ ਨੂੰ ਹਿਰਾਸਤ ’ਚ ਲੈਣ ਮਗਰੋਂ ਛੱਡਿਆ
ਨਵੀਂ ਦਿੱਲੀ : ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਤੇ ਕਥਿਤ ਵੋਟ ਚੋਰੀ ਖਿਲਾਫ਼ ਸੋਮਵਾਰ ਨੂੰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਹੈੱਡ ਕੁਆਰਟਰ ਤੱਕ ਆਪਣਾ ਮਾਰਚ ਸ਼ੁਰੂ ਕੀਤਾ। ਇਸ ਮਾਰਚ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ, ਡੀਐਮਕੇ ਅਤੇ ਕਈ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਹਨ। ਸੰਸਦ ਮੈਂਬਰਾਂ ਨੇ ਆਪਣੇ ਸਿਰਾਂ ’ਤੇ ਚਿੱਟੀਆਂ ਟੋਪੀਆਂ ਪਾਈਆਂ ਹੋਈਆਂ ਹਨ, ਜਿਨ੍ਹਾਂ ’ਤੇ ’ਐਸਆਈਆਰ’ ਅਤੇ ’ਵੋਟ ਚੋਰੀ’ ਲਿਖਿਆ ਹੋਇਆ ਹੈ ਅਤੇ ਉਨ੍ਹਾਂ ’ਤੇ ਲਾਲ ਕਰਾਸ ਦਾ ਨਿਸ਼ਾਨ ਵੀ ਹੈ।
ਪੁਲੀਸ ਨੇ ਵਿਰੋਧੀ ਧਿਰਾਂ ਨੂੰ ਰਾਹ ਵਿਚ ਟਰਾਂਸਪੋਰਟ ਭਵਨ ਕੋਲ ਰੋਕ ਲਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਏਆਈਸੀਸੀ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ, ਏਆਈਸੀਸੀ ਦੇ ਜਨਰਲ ਸਕੱਤਰ (ਕਮਿਸ਼ਨ) ਜੈਰਾਮ ਰਮੇਸ਼ ਅਤੇ ਸੈਂਕੜੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸੰਸਦ ਭਵਨ ਦੇ ਬਾਹਰ ਗ੍ਰਿਫ਼ਤਾਰ ਕਰਕੇ ਪਾਰਲੀਮੈਂਟਰੀ ਸਟਰੀਟ ਪੁਲੀਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਮਗਰੋਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਜਿਵੇਂ ਹੀ ਪੁਲੀਸ ਨੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ, ਉਨ੍ਹਾਂ ਵਿੱਚੋਂ ਕਈ ਸੜਕ ’ਤੇ ਬੈਠ ਗਏ ਅਤੇ ਵਿਸ਼ੇਸ਼ ਵਿਆਪਕ ਸੋਧ ਦੀ ਮਸ਼ਕ ਅਤੇ ’ਵੋਟ ਚੋਰੀ’ ਦੋਸ਼ਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੋਸਟਰ ਫੜੇ ਹੋਏ ਸਨ ਅਤੇ S9R ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਇੰਡੀਆ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮਕਰ ਦੁਆਰ ਵਿਖੇ ਰਾਸ਼ਟਰੀ ਗੀਤ ਵੀ ਗਾਇਆ।
ਪੁਲੀਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੰਸਦ ਮਾਰਗ ’ਤੇ ਟਰਾਂਸਪੋਰਟ ਭਵਨ ਕੋਲ ਵਿਆਪਕ ਪ੍ਰਬੰਧ ਕੀਤੇ ਸਨ ਅਤੇ ਬੈਰੀਕੇਡ ਲਗਾਏ ਸਨ। ਪੁਲੀਸ ਨੇ ਸੰਸਦ ਮੈਂਬਰਾਂ ਨੂੰ ਅੱਗੇ ਨਾ ਵਧਣ ਤੋਂ ਰੋਕਣ ਲਈ ਲਾਊਡਸਪੀਕਰ ਰਾਹੀਂ ਐਲਾਨ ਕੀਤਾ। ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ’ਚ ਟੀਆਰ ਬਾਲੂ (ਡੀਐੱਮਕੇ), ਸੰਜੇ ਰਾਊਤ (ਸ਼ਿਵ ਸੈਨਾ ਯੂਬੀਟੀ), ਡੈਰੇਕ ਓ’ਬ੍ਰਾਇਨ (ਟੀਐੱਮਸੀ), ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਅਤੇ ਨਾਲ ਹੀ ਡੀਐਮਕੇ, ਆਰਜੇਡੀ, ਖੱਬੇ-ਪੱਖੀ ਪਾਰਟੀਆਂ ਵਰਗੀਆਂ ਵਿਰੋਧੀ ਪਾਰਟੀਆਂ ਦੇ ਹੋਰ ਸੰਸਦ ਮੈਂਬਰ ਸ਼ਾਮਲ ਸਨ।