ਸਭ ਦੇ ਬੌਸ’ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ: ਰੱਖਿਆ ਮੰਤਰੀ ਭਾਰਤ ਸਰਕਾਰ
ਰਾਇਸੇਨ (ਮੱਧ ਪ੍ਰਦੇਸ਼) : ਭਾਰਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ‘ਸਾਰਿਆਂ ਦੇ ਬੌਸ ਤਾਂ ਅਸੀਂ ਹਾਂ’ ਦਾ ਭਰਮ ਪਾਲਣ ਵਾਲੇ ਕੁਝ ਦੇਸ਼ਾਂ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਭਾਰਤ ਦੇ ਅਰਥਚਾਰੇ ਨੂੰ ਦੁਨੀਆ ਦਾ ਸਭ ਤੋਂ ‘ਸ਼ਾਨਦਾਰ-ਜਾਨਦਾਰ ਤੇ ਗਤੀਸ਼ੀਲ’ ਅਰਥਚਾਰਾ ਕਰਾਰ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੋਂ ਹੋਣ ਵਾਲੀ ਦਰਾਮਦ ’ਤੇ 50 ਫੀਸਦ ਟੈਕਸ ਲਗਾਏ ਜਾਣ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਇਹ ਬਿਆਨ ਇਹ ਬਿਆਨ ਦੀਆਂ ਚਰਚਾਵਾਂ ਛਿੜ ਗਈਆਂ ਹਨ।
ਸ੍ਰੀ ਰਾਜਨਾਥ ਸਿੰਘ ਨੇ ਰਾਇਸੇਨ ਵਿੱਚ ਭਾਰਤ ਅਰਥ ਮੂਵਰਜ਼ ਲਿਮਿਟਡ (ਬੀਈਐੱਮਐੱਲ) ਦੀ ਰੇਲ ਕੋਚ ਇਕਾਈ ਦੇ ਭੂਮੀ ਪੂਜਨ ਤੋਂ ਬਾਅਦਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਭਾਰਤ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਦੁਨੀਆ ਦੀ ਕੋਈ ਤਾਕਤ ਉਸ ਨੂੰ ਵਿਸ਼ਵ ਦੀ ਇਕ ਵੱਡੀ ਸ਼ਕਤੀ ਬਣਨ ਤੋਂ ਰੋਕ ਨਹੀਂ ਸਕਦੀ ਹੈ। ਉਨ੍ਹਾਂ ਕਿਹਾ, ‘‘ਹੁਣ ਅਸੀਂ 24,000 ਕਰੋੜ ਤੋਂ ਜ਼ਿਆਦਾ ਦੇ ਰੱਖਿਆ ਉਤਪਾਦ ਦੁਨੀਆ ਦੇ ਦੇਸ਼ਾਂ ਨੂੰ ਬਰਾਮਦ ਕਰ ਰਹੇ ਹਾਂ। ਇਹ ਭਾਰਤ ਦੀ ਤਾਕਤ ਹੈ। ਇਹ ਨਵੇਂ ਭਾਰਤ ਦਾ ਨਵਾਂ ਰੱਖਿਆ ਖੇਤਰ ਹੈ।’’
ਰੱਖਿਆ ਮੰਤਰੀ ਨੇ ਕਿਹਾ, ‘‘ਉਹ ਸੋਚਦੇ ਹਨ ਕਿ ਅਸੀਂ ਸਾਰਿਆਂ ਦੇ ਬੌਸ ਹਾਂ ਅਤੇ ਭਾਰਤ ਐਨੀ ਤੇਜ਼ੀ ਨਾਲ ਅੱਗੇ ਕਿਵੇਂ ਨਿਕਲ ਰਿਹਾ ਹੈ? ਕਈ ਲੋਕ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤ ਵਿੱਚ ਭਾਰਤੀਆਂ ਵੱਲੋਂ ਹੱਥਾਂ ਨਾਲ ਬਣਾਈਆਂ ਗਈਆਂ ਵਸਤਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਣ ਤਾਂ ਉਹ ਉਨ੍ਹਾਂ ਮੁਲਕਾਂ ਵਿੱਚ ਬਣੀਆਂ ਵਸਤਾਂ ਨਾਲੋਂ ਵੀ ਮਹਿੰਗੀਆਂ ਹੋ ਜਾਣ ਅਤੇ ਉਹ ਇਹ ਐਨੀਆਂ ਮਹਿੰਗੀਆਂ ਹੋ ਜਾਣਗੀਆਂ ਤਾਂ ਦੁਨੀਆ ਦੇ ਲੋਕ ਉਨ੍ਹਾਂ ਨੂੰ ਖਰੀਦ ਹੀ ਨਹੀਂ ਸਕਣਗੇ।’’ ਉਨ੍ਹਾਂ ਕਿਹਾ, ‘‘ਸਾਲ 2014 ਵਿੱਚ ਅਰਥਚਾਰੇ ਦੇ ਮਾਮਲੇ ਵਿੱਚ ਭਾਰਤ 11ਵੇਂ ਸਥਾਨ ’ਤੇ ਸੀ। ਅੱਜ ਸਾਡਾ ਭਾਰਤ ਦੁਨੀਆ ਦੇ ਸਿਖ਼ਰਲੇ ਚਾਰ ਦੇਸ਼ਾਂ ਦੀ ਕਤਾਰ ਵਿੱਚ ਆ ਗਿਆ ਹੈ। ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਜੇਕਰ ਕਿਸੇ ਦੇਸ਼ ਦਾ ਹੈ ਤਾਂ ਉਹ ਸਾਡੇ ਭਾਰਤ ਦਾ ਹੈ।’’ ਉਨ੍ਹਾਂ ਕਿਹਾ, ‘‘ਪਰ ਅੱਜ ਇਨ੍ਹਾਂ ’ਚੋਂ ਬਹੁਤੀਆਂ ਵਸਤਾਂ ਨਾ ਸਿਰਫ਼ ਭਾਰਤ ਵਿੱਚ ਬਲਕਿ ਭਾਰਤੀਆਂ ਹੱਥੋਂ ਬਣ ਰਹੀਆਂ ਹਨ। ਅਸੀਂ ਨਾ ਸਿਰਫ਼ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਹਾਂ ਬਲਕਿ ਅਸੀਂ ਦੁਨੀਆ ਦੇ ਦੂਜੇ ਦੇਸ਼ਾਂ ਨੂੰ ਵੀ ਬਰਾਮਦ ਕਰਨ ਦਾ ਕੰਮ ਕਰ ਰਹੇ ਹਾਂ। ਦੁਨੀਆ ਦੇ ਦੇਸ਼ ਸਾਡਾ ਸਾਮਾਨ ਖਰੀਦ ਰਹੇ ਹਨ।’’