ਦੋ ਅਕਾਲੀ ਦਲ ਬਣਨਾ ਚੰਗਾ ਸੰਕੇਤ ਨਹੀਂ : ਸ਼੍ਰੋਮਣੀ ਕਮੇਟੀ

0
300

ਦੋ ਅਕਾਲੀ ਦਲ ਬਣਨਾ ਚੰਗਾ ਸੰਕੇਤ ਨਹੀਂ : ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀ ਵੰਡ ਅਤੇ ਦੋ ਅਕਾਲੀ ਦਲ ਬਣ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਆਖਿਆ ਕਿ ਇਸ ਵੇਲੇ ਆਪਸੀ ਵਖਰੇਵੇ ਅਤੇ ਅਹਿਮ (ਹਉਮੈ) ਨੂੰ ਛੱਡ ਕੇ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਅੱਜ ਇਥੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਰੂਪ ਰੇਖਾ ਬਾਰੇ ਵੀ ਜਾਣਕਾਰੀ ਦਿੱਤੀ।
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ’ਚ ਆਈ ਤਰੇੜ ਅਤੇ ਬਣੇ ਦੋ ਧੜਿਆਂ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਹ ਕੋਈ ਚੰਗਾ ਸੰਕੇਤ ਨਹੀਂ ਹੈ, ਇਸ ਵੇਲੇ ਕੌਮ ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਦੋਵੇਂ ਧੜੇ ਆਪਸੀ ਅਹਿਮ ਅਤੇ ਵਖਰੇਵਿਆਂ ਨੂੰ ਛੱਡ ਕੇ ਇੱਕਜੁੱਟ ਹੋਣ।
ਇਸ ਸਬੰਧੀ ਗੱਲਬਾਤ ਦੌਰਾਨ ਉਨ੍ਹਾਂ ਨੇ ਸਾਬਕਾ ਜਥੇਦਾਰ ਅਤੇ ਨਵੇਂ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮਨਸ਼ਾ ਸੀ ਕਿ ਦੋ ਧੜੇ ਬਣਨ ਅਤੇ ਹੁਣ ਦੋ ਧੜੇ ਬਣ ਗਏ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਸਨ ਅਤੇ ਹੁਣ ਬਣ ਗਏ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਤੋਂ ਭਰਤੀ ਕਮੇਟੀ ਬਣਾਈ ਗਈ ਸੀ, ਜਿਸ ਦਾ ਉਨ੍ਹਾਂ ਨੂੰ ਬਤੌਰ ਚੇਅਰਮੈਨ ਨਾਮਜ਼ਦ ਕੀਤਾ ਗਿਆ ਸੀ ਤਾਂ ਉਨ੍ਹਾਂ ਵੱਲੋਂ ਸਾਰਿਆਂ ਨੂੰ ਇਕੱਠਾ ਕਰਨ ਦਾ ਯਤਨ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰ ਜਦੋਂ ਉਨ੍ਹਾਂ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕੀਤਾ ਤਾਂ ਇਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਇਹ ਚੁਣੌਤੀ ਦੇਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ, ਇਸ ਦਾ ਚਿੰਨ ਆਦਿ ਨੂੰ ਖੋਹਣਾ ਹੈ, ਜੋ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਵੀ ਵੱਖ ਹੋਏ ਹਨ ਪਰ ਲੋਕਾਂ ਨੇ ਸੁਰਜੀਤ ਕੀਤੇ ਹਨ। ਪਰ ਇਸ ਵਾਰ ਅਕਾਲੀ ਦਲ ਨੂੰ ਵੰਡਣ ਪਿੱਛੇ ਕੁਝ ਵੱਡੀਆਂ ਤਾਕਤਾਂ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 21 ਅਗਸਤ ਨੂੰ ਅਸਾਮ ਦੇ ਧੋਬੜੀ ਸਾਹਿਬ ਤੋਂ ਇੱਕ ਨਗਰ ਕੀਰਤਨ ਸਜਾਇਆ ਜਾਵੇਗਾ ਜੋ 20 ਸੂਬਿਆਂ ਵਿੱਚੋਂ ਹੁੰਦਾ ਹੋਇਆ 23 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਦੇ 31 ਅਗਸਤ ਤੱਕ ਦੇ ਰੂਟ ਪ੍ਰੋਗਰਾਮ ਦਾ ਖੁਲਾਸਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇੱਕ ਨਗਰ ਕੀਰਤਨ ਜੰਮੂ ਕਸ਼ਮੀਰ ਦੇ ਮਟਨ ਤੋਂ ਪੰਜ ਅਕਤੂਬਰ ਨੂੰ ਆਰੰਭ ਹੋਵੇਗਾ। ਇਹ ਨਗਰ ਕੀਰਤਨ ਪੰਡਿਤ ਕਿਰਪਾ ਰਾਮ ਦੇ ਅਸਥਾਨ ਤੋਂ ਆਰੰਭ ਹੋਵੇਗਾ ਅਤੇ ਇਸ ਦੀ ਸਮਾਪਤੀ ਵੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।
ਤੀਜਾ ਵੱਡਾ ਨਗਰ ਕੀਰਤਨ ਦਿੱਲੀ ਸਥਿਤ ਗੁਰਦੁਆਰਾ ਸੀਸ ਗੰਜ ਤੋਂ ਆਰੰਭ ਹੋਵੇਗਾ ਅਤੇ ਇਹ ਨਗਰ ਕੀਰਤਨ ਉਸ ਰਸਤੇ ਅਨੰਦਪੁਰ ਸਾਹਿਬ ਪੁੱਜੇਗਾ, ਜਿਸ ਰਸਤੇ ਬਾਬਾ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਪੁੱਜੇ ਸਨ। ਇਸ ਦੌਰਾਨ 23 ਤੋਂ 25 ਨਵੰਬਰ ਤੱਕ ਮੁੱਖ ਸਮਾਗਮ ਆਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸੀਸ ਗੰਜ ਵਿਖੇ ਹੋਣਗੇ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਗਮ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਮਨਾਉਣ ਅਤੇ ਸ਼੍ਰੋਮਣੀ ਕਮੇਟੀ ਨੂੰ ਅਗਵਾਈ ਕਰਨ ਦੀ ਕੀਤੀ ਗਈ ਪੇਸ਼ਕਸ਼ ਬਾਰੇ ਐਡਵੋਕੇਟ ਧਾਮੀ ਨੇ ਆਖਿਆ ਕਿ ਇੱਕ ਪਾਸੇ ਉਹ ਅਗਵਾਈ ਕਰਨ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਆਪਣੇ ਆਪ ਹੀ ਪ੍ਰੋਗਰਾਮ ਵੀ ਉਲੀਕ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਸੁਹਿਰਦ ਹਨ ਤਾਂ ਪਹਿਲਾਂ ਇਸ ਸਬੰਧੀ ਮਿਲ ਬੈਠ ਕੇ ਗੱਲਬਾਤ ਕਰਨ ਤਾਂ ਜੋ ਪ੍ਰੋਗਰਾਮ ਉਲੀਕੇ ਜਾ ਸਕਣ।

LEAVE A REPLY

Please enter your comment!
Please enter your name here