ਅਮਰੀਕਾ ’ਚ 70 ਸਾਲਾ ਸਿੱਖ ਵਿਅਕਤੀ ’ਤੇ ਗੋਲਫ ਸਟਿੱਕ ਨਾਲ ਹਮਲਾ, ਹਾਲਤ ਗੰਭੀਰ
ਲਾਸ ਏਂਜਲਸ : ਅਮਰੀਕਾ ਦੇ ਨੌਰਥ ਹਾਲੀਵੁੱਡ ਦੇ ਇੱਕ ਗੁਰਦੁਆਰੇ ਨੇੜੇ ਰੋਜ਼ਾਨਾ ਵਾਂਗ ਸੈਰ ਕਰ ਰਹੇ ਇੱਕ ਸਿੱਖ ਵਿਅਕਤੀ ਹਰਪਾਲ ਸਿੰਘ (70) ’ਤੇ ਗੋਲਫ ਸਟਿੱਕ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਿਪੋਰਟ ਅਨੁਸਾਰ ਸਿੰਘ ਨੂੰ ਲੈਂਕਰਸ਼ਿਮ ਸਿੱਖ ਗੁਰਦੁਆਰਾ ਦੇ ਨੇੜੇ ਇੱਕ 7-ਇਲੈਵਨ ਦੇ ਕੋਲ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਗਿਆ। ਉਹ ਗੰਭੀਰ ਹਾਲਤ ਵਿੱਚ ਆਈਸੀਯੂ ਵਿੱਚ ਦਾਖਲ ਹੈ ਅਤੇ ਉਸ ਦੇ ਸਿਰ ਅਤੇ ਚਿਹਰੇ ’ਤੇ ਲੱਗੀਆਂ ਗੰਭੀਰ ਸੱਟਾਂ ਦਾ ਇਲਾਜ ਕਰਨ ਲਈ ਤਿੰਨ ਅਪਰੇਸ਼ਨ ਕੀਤੇ ਗਏ ਹਨ। ਸੋਮਵਾਰ ਨੂੰ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਿੰਘ ਦੇ ਭਰਾ ਨੇ ਦੱਸਿਆ ਕਿ ਦਿਮਾਗ ਵਿੱਚ ਖੂਨ ਵਹਿਣ ਕਾਰਨ ਉਹ ਬੇਹੋਸ਼ ਹੈ ਅਤੇ ਬੋਲਣ ਵਿੱਚ ਅਸਮਰੱਥ ਹੈ। ਪਰਿਵਾਰ ਨੇ ਇਸ ਹਮਲੇ ਨੂੰ ਸਿੱਖ ਭਾਈਚਾਰੇ ਲਈ ਭਿਆਨਕ ਅਤੇ ਡੂੰਘੇ ਸਦਮੇ ਵਾਲਾ ਦੱਸਿਆ। ਸਿੰਘ ਦੇ ਭਰਾ ਨੇ ਭਾਵੁਕ ਹੁੰਦਿਆਂ ਕਿਹਾ, “ਅਸੀਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਰੋਜ਼ਾਨਾ ਵਾਂਗ ਸਿਰਫ਼ ਸੈਰ ’ਤੇ ਗਿਆ ਸੀ।”
ਅਧਿਕਾਰੀਆਂ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਹਮਲੇ ਦੇ ਪਿੱਛਲੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਹੈ। ਪੁਲੀਸ ਵੱਲੋਂ ਘਟਨਾ ਸਥਾਨ ਨਜ਼ਦੀਕ ਸੀਸੀਟੀਵੀ ਕੈਮਰਿਆਂ ਦੀ ਜਾਂਚ ਅਤੇ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਲਾਸ ਐਂਜਲਸ ਦੇ ਕੌਂਸਲਮੈਨ ਐਡਰਿਨ ਨਾਜ਼ਰੀਅਨ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਸਾਰੇ ਨਿਵਾਸੀਆਂ ਦੀ ਸੁਰੱਖਿਆ ਅਤੇ ਧਾਰਮਿਕ ਸੰਸਥਾਵਾਂ ਦੇ ਆਲੇ-ਦੁਆਲੇ ਸੁਰੱਖਿਆ ਉਪਾਵਾਂ ਨੂੰ ਬਿਹਤਰ ਬਣਾਉਣ ਲਈ ਦੀ ਵਚਨਬੱਧਤਾ ਦੁਹਰਾਈ।