ਵਾਸ਼ਿੰਗਟਨ ਡੀ.ਸੀ. : ਭਾਰਤ ਆਪਣੀ ਅਜ਼ਾਦੀ ਦਾ 79ਵਾਂ ਸਵਤੰਤਰਤਾ ਦਿਵਸ ਮਨਾ ਰਿਹਾ ਹੈ। ਅਜ਼ਾਦੀ ਦੇ ਸਮਾਰੋਹ ਜਿਥੇ ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ, ਉਥੇ ‘ਸਿੱਖ ਆਫ ਅਮਰੀਕਾ’ ਵੱਲੋਂ ਵੀ 79ਵਾਂ ਸਵਤੰਤਰਤਾ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਿੱਖ ਆਫ ਅਮਰੀਕਾ ਦੀ ਸਮੁੱਚੀ ਟੀਮ ਪ੍ਰਧਾਨ, ਵਾਈਸ ਪ੍ਰਧਾਨ, ਬੋਰਡ ਆਫ ਡਾਇਰੈਕਟਰ ਹਾਜ਼ਰ ਸਨ।
ਇਸ ਮੌਕੇ ‘ਸਿੱਖਸ ਆਫ ਅਮਰੀਕਾ’ ਸੰਸਥਾ ਦੇ ਪ੍ਰਧਾਨ ਸ. ਜਸਦੀਪ ਸਿੰਘ ਜੈਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ ਪਰ ਸਾਡੇ ਦਿਲ ਦੇਸ਼ ਲਈ ਧੜਕਦੇ ਹਨ। ਸਿੱਖ ਆਫ ਅਮਰੀਕਾ ਵੱਲੋਂ ਆਜ਼ਾਦੀ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਸਭ ਨੂੰ ਪਤਾ ਹੈ ਕਿ 97% ਕੁਰਬਾਨੀਆਂ ਸਿੱਖਾਂ ਦੁਆਰਾ ਦਿੱਤੀਆਂ ਗਈਆਂ ਸਨ ਤਾਂ ਹੀ ਦੇਸ਼ ਆਜ਼ਾਦ ਹੋ ਸਕਿਆ ਹੈ। ਸ਼ਹੀਦ ਭਗਤ ਸਿੰਘ, ਰਾਜਗੁਰ, ਸੁਖਦੇਵ, ਸ਼ਹੀਦ ੳੂਧਮ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਪਰਵਾਨੀਆਂ ਨੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਕੇ ਇਸ ਆਜ਼ਾਦੀ ਨੂੰ ਸਾਰਥਕ ਕੀਤਾ ਹੈ।
ਸ. ਜਸਦੀਪ ਸਿੰਘ ਜੈਸੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਦੇਸ਼ ਵਾਸੀਆਂ ਨੂੰ 79ਵੇਂ ਸਵਤੰਤਰਤਾ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਕਿ ਗੁਰੂਆਂ ਦੀ ਧਰਤੀ ਪੰਜਾਬ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ।