ਚੋਣਾਂ ਚੋਰੀ’ ਕਰ ਰਿਹੈ ਚੋਣ ਕਮਿਸ਼ਨ: ਰਾਹੁਲ

0
269

‘ਚੋਣਾਂ ਚੋਰੀ’ ਕਰ ਰਿਹੈ ਚੋਣ ਕਮਿਸ਼ਨ: ਰਾਹੁਲ
ਸਾਸਾਰਾਮ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ, ਭਾਜਪਾ ਨਾਲ ਮਿਲ ਕੇ ‘ਚੋਣਾਂ ਚੋਰੀ’ ਕਰ ਰਿਹਾ ਹੈ ਪਰ ਇੰਡੀਆ ਗੱਠਜੋੜ ਉਨ੍ਹਾਂ ਨੂੰ ਆਪਣੀ ‘ਨਵੀਂ ਸਾਜ਼ਿਸ਼’ ਤਹਿਤ ਬਿਹਾਰ ਵਿਧਾਨ ਸਭਾ ਚੋਣਾਂ ਚੋਰੀ ਨਹੀਂ ਕਰਨ ਦੇਵੇਗਾ। ਉਨ੍ਹਾਂ ਇਹ ਟਿੱਪਣੀ ਆਪਣੀ 1300 ਕਿਲੋਮੀਟਰ ਲੰਮੀ ‘ਵੋਟਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਮੌਕੇ ਕਹੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ਭਰ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ‘ਚੋਰੀ’ ਹੋ ਰਹੀਆਂ ਹਨ ਅਤੇ ਹੁਣ ਬਿਹਾਰ ’ਚ ਵੀ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਰਾਹੀਂ ਅਜਿਹਾ ਹੀ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।
ਬਿਹਾਰ ਦੇ 20 ਤੋਂ ਵੱਧ ਜ਼ਿਲ੍ਹਿਆਂ ’ਚ ਯਾਤਰਾ ਦੀ ਸ਼ੁਰੂਆਤ ਮੌਕੇ ਸਮਾਗਮ ’ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ‘ਵੋਟ ਚੋਰੀ’ ਦਾ ਪਰਦਾਫਾਸ਼ ਕਰਨ ਵਾਲੀ ਆਪਣੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਨੂੰ ਹਲਫਨਾਮਾ ਦੇਣ ਲਈ ਕਿਹਾ ਗਿਆ ਸੀ ਪਰ ਭਾਜਪਾ ਆਗੂਆਂ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ। ਗਾਂਧੀ ਨੇ ਦੋਸ਼ ਲਾਇਆ, ‘ਪੂਰੇ ਦੇਸ਼ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਚੋਰੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਨਵੀਂ ਸਾਜ਼ਿਸ਼ ਬਿਹਾਰ ’ਚ ਚੋਣਾਂ ਚੋਰੀ ਕਰਨ ਲਈ ਐੱਸਆਈਆਰ ਰਾਹੀਂ ਵੋਟਰਾਂ ਨੂੰ ਹਟਾਉਣ ਤੇ ਜੋੜਨ ਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ ਇੱਥੇ ਇਹ ਦੱਸਣ ਆਏ ਹਾਂ ਕਿ ਅਸੀਂ ਉਨ੍ਹਾਂ ਨੂੰ ਬਿਹਾਰ ’ਚ ਚੋਣਾਂ ਚੋਰੀ ਨਹੀਂ ਕਰਨ ਦੇਵਾਂਗੇ। ਬਿਹਾਰ ਦੇ ਲੋਕ ਉਨ੍ਹਾਂ ਨੂੰ ਚੋਣਾਂ ਚੋਰੀ ਨਹੀਂ ਕਰਨ ਦੇਣਗੇ। ਗਰੀਬਾਂ ਕੋਲ ਸਿਰਫ਼ ਵੋਟ ਦੀ ਤਾਕਤ ਹੈ ਅਤੇ ਅਸੀਂ ਉਨ੍ਹਾਂ ਨੂੰ ਵੋਟ ਚੋਰੀ ਨਹੀਂ ਕਰਨ ਦੇਵਾਂਗੇ।’ ਉਨ੍ਹਾਂ ਕਿਹਾ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰਦਾ ਹੈ ਅਤੇ ਕਾਂਗਰਸ ਦੇਸ਼ ਨੂੰ ਦਿਖਾ ਰਹੀ ਹੈ ਕਿ ਇਹ (ਚੋਣ ਕਮਿਸ਼ਨ) ‘ਚੋਰੀ’ ਕਰ ਰਿਹਾ ਹੈ।

LEAVE A REPLY

Please enter your comment!
Please enter your name here