ਏਅਰ ਕੈਨੇਡਾ ਦਾ ਹਵਾਈ ਅਮਲਾ ਅਜੇ ਵੀ ਹੜਤਾਲ ’ਤੇ

0
12

ਏਅਰ ਕੈਨੇਡਾ ਦਾ ਹਵਾਈ ਅਮਲਾ ਅਜੇ ਵੀ ਹੜਤਾਲ ’ਤੇ
ਵੈਨਕੂਵਰ :ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਦੇ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟ ਬੀਤੀ ਅੱਧੀ ਰਾਤ ਤੋਂ ਹੜਤਾਲ ’ਤੇ ਹਨ, ਜਿਸ ਕਾਰਨ ਏਅਰਲਾਈਨ ਦੀਆਂ ਸੈਂਕੜੇ ਉਡਾਣਾਂ ਠੱਪ ਹੋ ਗਈਆਂ। ਹਾਲਾਂਕਿ, ਪ੍ਰੇਸ਼ਾਨੀਆਂ ਦੇ ਬਾਵਜੂਦ ਯਾਤਰੀਆਂ ਨੇ ਹੜਤਾਲੀ ਕਾਮਿਆਂ ਦਾ ਸਮਰਥਨ ਕੀਤਾ ਹੈ। ਏਅਰਲਾਈਨ ਨੇ ਕਰੀਬ ਦੋ ਲੱਖ ਯਾਤਰੀਆਂ ਦੀਆਂ ਬੁੱਕ ਹੋਈਆਂ ਟਿਕਟਾਂ ਰੱਦ ਕਰਕੇ ਉਨ੍ਹਾਂ ਨੂੰ ਰਿਫੰਡ ਭੇਜਣ ਦਾ ਕੰਮ ਦੋ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਯਾਤਰੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਏਅਰਲਾਈਨ ਨੂੰ ਕੋਸਦਿਆਂ ਕਈ ਸਾਲਾਂ ਤੋਂ ਫਲਾਈਟ ਅਟੈਂਡੈਂਟਾਂ ਨਾਲ ਧੱਕਾ ਕਰਨ ਦਾ ਦੋਸ਼ ਲਾਇਆ। ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਯੂਨੀਅਨ ਨੇ ਦੋ ਹਫ਼ਤੇ ਪਹਿਲਾਂ ਹੀ ਹੜਤਾਲ ਦਾ ਨੋਟਿਸ ਦਿੱਤਾ ਸੀ। ਇਸ ਦੌਰਾਨ ਏਅਰਲਾਈਨ ਵੱਲੋਂ ਸਮਝੌਤੇ ਦੇ ਯਤਨ ਕੀਤੇ ਗਏ, ਪਰ ਗੱਲ ਤਣ-ਪੱਤਣ ਨਹੀਂ ਲੱਗੀ। ਏਅਰਲਾਈਨ ਕਾਮਿਆਂ ਵਲੋਂ ਕਰੀਬ 40 ਸਾਲ ਬਾਅਦ ਹੜਤਾਲ ਕੀਤੀ ਗਈ ਹੈ। ਏਅਰਲਾਈਨ ਗਰਾਊਂਡ ਕਾਮਿਆਂ ਨੇ ਵੀ ਕੈਬਿਨ ਕਾਮਿਆਂ (ਅਟੈਂਡੈਂਟਾਂ) ਦੀ ਹੜਤਾਲ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਅੱਧੀ ਰਾਤ ਮਗਰੋਂ ਯਾਤਰੀ ਇਸ ਉਮੀਦ ਨਾਲ ਉਡਾਣ ਲੈਣ ਲਈ ਹਵਾਈ ਅੱਡੇ ਪਹੁੰਚੇ ਕਿ ਸ਼ਾਇਦ ਸਮੱਸਿਆ ਦਾ ਹੱਲ ਨਿਕਲਣ ਮਗਰੋਂ ਹੜਤਾਲ ਰੱਦ ਹੋ ਜਾਵੇ।
ਹੜਤਾਲੀ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਸਿਰਫ਼ ਜਹਾਜ਼ ਦੇ ਉਡਾਣ ਭਰਨ ਦੇ ਸਮੇਂ ਤੋਂ ਗਿਣੇ ਜਾਂਦੇ ਹਨ, ਜਦਕਿ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਾਫੀ ਸਮਾਂ ਯਾਤਰੀਆਂ ਨੂੰ ਸੇਵਾਵਾਂ ਦੇਣੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਤਨਖ਼ਾਹ ਵੀ ਆਮ ਮਜ਼ਦੂਰ ਨਾਲੋਂ ਘੱਟ ਹੈ। ਕੁਝ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਹੁਤੇ ਗ਼ੈਰ-ਤਕਨੀਕੀ ਕਾਮੇ ਉਨ੍ਹਾਂ ਤੋਂ ਵੱਧ ਕਮਾ ਲੈਂਦੇ ਹਨ। ਉਧਰ ਏਅਰਲਾਈਨ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਘਾਟੇ ਵਿੱਚ ਚੱਲ ਰਹੀ ਹੈ, ਇਸ ਕਰਕੇ ਤਨਖ਼ਾਹ ’ਚ ਵਾਧਾ ਨਹੀਂ ਕਰ ਸਕਦੀ।

LEAVE A REPLY

Please enter your comment!
Please enter your name here