ਲੋਕ ਸਭਾ ਵਿਚ ਬਿੱਲ ਪੇਸ਼ :
ਪੀਐੱਮ, ਸੀਐੱਮ ਤੇ ਮੰਤਰੀਆਂ ਜੇਕਰ ਗੰਭੀਰ ਅਪਰਾਧਾਂ ਲਈ 30 ਦਿਨਾਂ ਦੀ ਹਿਰਾਸਤ ’ਚ ਰਹੇ ਤਾਂ ਹੋਵੇਗੀ ਛੁੱਟੀ
ਬਿੱਲ ਸਿਲੈਕਟ ਕਮੇਟੀ ਹਵਾਲੇ; ਵਿਰੋਧੀ ਧਿਰਾਂ ਵੱਲੋਂ ਹੰਗਾਮਾ; ਮੈਂਬਰਾਂ ਨੇ ਬਿੱਲ ਦੀਆਂ ਕਾਪੀਆਂ ਪਾੜੀਆਂ; ਲੋਕ ਸਭਾ 5 ਵਜੇ ਤੱਕ ਮੁਲਤਵੀ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ, ਮੁੱਖ ਮੰਤਰੀ ਅਤੇ ਰਾਜ ਮੰਤਰੀਆਂ ਨੂੰ ਗੰਭੀਰ ਅਪਰਾਧਾਂ ਲਈ ਲਗਾਤਾਰ 30 ਦਿਨਾਂ ਲਈ ਗ੍ਰਿਫ਼ਤਾਰ ਅਤੇ ਹਿਰਾਸਤ ਵਿੱਚ ਰੱਖਣ ਦੀ ਸੂਰਤ ਵਿੱਚ ਅਹੁਦੇ ਤੋਂ ਹਟਾਉਣ ਲਈ ਇੱਕ ਕਾਨੂੰਨੀ ਢਾਂਚਾ ਬਣਾਉਣ ਸਬੰਧੀ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਹੈ। ਸ਼ਾਹ ਜਿਵੇਂ ਹੀ ਸੰਵਿਧਾਨ 130ਵਾਂ ਸੋਧ ਬਿੱਲ ਪੇਸ਼ ਕਰਨ ਲਈ ਉੱਠੇ ਤਾਂ ਹੇਠਲੇ ਸਦਨ ਵਿੱਚ ਬੇਮਿਸਾਲ ਹੰਗਾਮਾ ਦੇਖਣ ਨੂੰ ਮਿਲਿਆ। ਸ਼ਾਹ ਨੇ ਹੰਗਾਮੇ ਦੌਰਾਨ ਹੀ ਬਿੱਲ ਪੇਸ਼ ਕੀਤਾ। ਬਿੱਲ ਨੂੰ ਵਿਚਾਰ ਚਰਚਾ ਲਈ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ। ਸਦਨ ਨੂੰ ਪਹਿਲਾਂ ਤਿੰਨ ਵਜੇ ਤੱਕ ਮੁਲਤਵੀ ਕੀਤਾ ਗਿਆ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਵੱਲੋਂ ਰੌਲਾ ਰੱਪਾ ਜਾਰੀ ਰਹਿਣ ’ਤੇ ਸਦਨ ਦੀ ਕਾਰਵਾਈ ਸ਼ਾਮ 5 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਇਸ ਤੋ ਪਹਿਲਾਂ ਜਿਵੇਂ ਹੀ ਸ਼ਾਹ ਬਿੱਲ ਪੇਸ਼ ਕਰਨ ਲਈ ਉੱਠੇ, ਤ੍ਰਿਣਮੂਲ ਕਾਂਗਰਸ ਪਾਰਟੀ ਦੇ ਨੇਤਾ ਕਲਿਆਣ ਬੈਨਰਜੀ ਦੀ ਅਗਵਾਈ ਹੇਠ ਵਿਰੋਧੀ ਸੰਸਦ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ, ਉਨ੍ਹਾਂ ਬਿੱਲਾਂ ਨੂੰ ਪਾੜ ਦਿੱਤਾ ਅਤੇ ਬਿੱਲ ਦੀਆਂ ਕਾਪੀਆਂ ਸ਼ਾਹ ਦੇ ਮੂੰਹ ’ਤੇ ਸੁੱਟ ਦਿੱਤੀਆਂ। ਚੇਅਰਪਰਸਨ ਅਤੇ ਪ੍ਰੀਜ਼ਾਈਡਿੰਗ ਅਫਸਰ ਨੇ ਤੁਰੰਤ ਸਦਨ ਨੂੰ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤਾ।
ਜਿਵੇਂ ਹੀ ਕਲਿਆਣ ਬੈਨਰਜੀ ਅਤੇ ਹੋਰ ਟੀਐੱਮਸੀ ਸੰਸਦ ਮੈਂਬਰਾਂ ਨੇ ਸ਼ਾਹ ਵੱਲ ਹਮਲਾ ਕੀਤਾ, ਸੰਸਦ ਮੈਂਬਰ ਅਨੁਰਾਗ ਠਾਕੁਰ, ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਗ੍ਰਹਿ ਮੰਤਰੀ ਦੇ ਦੁਆਲੇ ਇੱਕ ਸੁਰੱਖਿਆ ਘੇਰਾ ਬਣਾ ਲਿਆ। ਸਦਨ ਹੁਣ ਦੁਪਹਿਰ 3 ਵਜੇ ਮੁੜ ਜੁੜੇਗਾ। ਸਦਨ ਮੁਲਤਵੀ ਹੋਣ ਤੋਂ ਬਾਅਦ ਵੀ, ਲੋਕ ਸਭਾ ਦੇ ਐਨ ਵਿਚਾਲੇ ਹਫੜਾ-ਦਫੜੀ ਵਾਲੇ ਦ੍ਰਿਸ਼ ਦੇਖੇ ਗਏ ਜਿੱਥੇ ਸਾਰੇ ਵਿਰੋਧੀ ਸੰਸਦ ਮੈਂਬਰ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਹੱਥੋਪਾਈ ਕਰਨ ਤੋਂ ਰੁਕ ਗਏ। ਵਿਰੋਧੀ ਧਿਰਾਂ ਨੇ ਸ਼ਾਹ ਨੂੰ ਬਿੱਲ ’ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਜਦੋਂ ਸਦਨ ਮੁਲਤਵੀ ਕੀਤਾ ਗਿਆ, ਤਾਂ ਸਦਨ ਦੇ ਐਨ ਵਿਚਾਲੇ ਅਤੇ ਗਲਿਆਰੇ ਬਿੱਲਾਂ ਦੇ ਫਟੇ ਹੋਏ ਟੁਕੜਿਆਂ ਨਾਲ ਭਰੇ ਹੋਏ ਸਨ। ਭਾਜਪਾ ਮੈਂਬਰਾਂ ਨੇ ਬੇਕਾਬੂ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।