ਕੈਨੇਡਾ ’ਚ ਪੌਲਿਵਰ ਨੇ 80 ਫੀਸਦ ਵੋਟਾਂ ਲੈ ਕੇ ਸੰਸਦੀ ਚੋਣ ਜਿੱਤੀ
ਵੈਨਕੂਵਰ : ਕੈਨੇਡਾ ਵਿੱਚ ਵਿਰੋਧੀ ਪਾਰਟੀ ਆਗੂ ਪੀਅਰ ਪੌਲਿਵਰ ਨੇ ਕੈਲਗਰੀ ਵਿਚਲੀ ਬੈਟਲ ਰਿਵਰ ਕਰੋਫੁੱਟ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚ ਬਣਾ ਲਈ ਹੈ। 244 ਉਮੀਦਵਾਰਾਂ ਵਲੋਂ ਉਸਦੀਆਂ ਵੋਟਾਂ ਵੰਡ ਕੇ ਸੰਸਦੀ ਦਾਖਲੇ ਨੂੰ ਰੋਕਣ ਦੇ ਸਾਰੇ ਯਤਨ ਅਸਫ਼ਲ ਹੋ ਗਏ। ਹਲਕੇ ਦੇ 80 ਫੀਸਦ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਈਆਂ।
ਸਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਡਾਰਸੀ ਸਪੇਡੀ ਸਿਰਫ ਸਾਢੇ ਚਾਰ ਫੀਸਦ ਵੋਟਾਂ ਲੈਕੇ ਤੀਜੇ ਨੰਬਰ ’ਤੇ ਰਿਹਾ, ਜਦੋਂ ਕਿ ਅਜ਼ਾਦ ਉਮੀਦਵਾਰ ਬੋਨੀ ਕਰਿੰਚਲੀ 10 ਫੀਸਦ ਵੋਟਾਂ ਲੈ ਗਿਆ। 5600 ਵਰਗ ਕਿਲੋਮੀਟਰ ਵਿੱਚ ਫੈਲੇ ਇਹ ਪੇਂਡੂ ਹਲਕੇ ਵਿੱਚ ਚੋਣ ਮੁਹਿੰਮ ਭਖਾ ਸਕਣਾ ਪੀਅਰ ਪੌਲਿਵਰ ਲਈ ਚੁਣੌਤੀ ਪੂਰਣ ਰਿਹਾ ਪਰ ਉਸਦੀ ਮਿਹਨਤ ਰੰਗ ਲਿਆਈ।
ਅਪਰੈਲ ਚੋਣ ਵਿੱਚ ਉੱਕਤ ਹਲਕੇ ਤੋਂ ਜੇਤੂ ਰਹੇ ਉਸਦੀ ਪਾਰਟੀ ਦੇ ਮੈਂਬਰ ਡੈਮੀਅਨ ਕੁਰਕ ਨੇ ਅਸਤੀਫਾ ਦੇ ਕੇ ਪੀਅਰ ਪੌਲਿਵਰ ਨੂੰ ਜ਼ਿਮਨੀ ਚੋਣ ਲੜਕੇ ਪਾਰਲੀਮੈਂਟ ਪਹੁੰਚਣ ਦਾ ਮੌਕਾ ਪ੍ਰਦਾਨ ਕੀਤਾ ਸੀ। ਡੈਮੀਅਨ ਕੁਰਕ ਨੇ ਅਪਰੈਲ ਵਿੱਚ ਇਹੀ ਸੀਟ 82 ਫੀਸਦ ਵੋਟਾਂ ਲੈਕੇ ਜਿੱਤੀ ਸੀ।
ਜਿੱਤ ਤੋਂ ਬਾਦ ਪੀਅਰ ਪੌਲਿਵਰ ਨੇ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਉਸਦੀ ਜਿੱਤ ਨੇ ਸਾਬਤ ਕੀਤਾ ਹੈ ਕਿ ਸੱਚੇ ਵਿਅਕਤੀ ਦੇ ਰਾਹ ਵਿੱਚ ਵਿਛਾਏ ਗਏ ਅਣਗਿਣਤ ਰੋੜੇ ਵੀ ਉਸਨੂੰ ਮੰਜਲ ’ਤੇ ਪਹੁੰਚਣ ਤੋਂ ਨਹੀਂ ਰੋਕ ਸਕਦੇ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਜੁਲਾਈ ਵਿੱਚ ਇਸ ਖਾਲੀ ਹੋਏ ਹਲਕੇ ਤੋਂ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ ਤਾਂ ਪੀਅਰ ਪੌਲਿਵਰ ਨੇ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਉਦੋਂ ਤੋਂ ਹੀ ਆਪਣੀ ਚੋਣ ਮੁਹਿੰਮ ਵਿੱਢ ਲਈ ਸੀ। ਵਿਸ਼ਾਲ ਖੇਤਰ ਵਿੱਚ ਫੈਲੇ ਹਲਕੇ ਵਿੱਚ ਵੋਟਰਾਂ ਤੱਕ ਪਹੁੰਚ ਕਰਨ ਵਿੱਚ ਉਸਨੂੰ ਕਈ ਔਕੜਾਂ ਵੀ ਝੱਲਣੀਆਂ ਪਈਆਂ ਪਰ ਉਸਨੇ ਹਰੇਕ ਵੋਟਰ ਤੱਕ ਪਹੁੰਚ ਯਕੀਨੀ ਬਣਾਈ ਤੇ ਸ਼ਾਇਦ ਇਹੀ ਨੇੜਤਾ ਵੱਡੀ ਲੀਡ ਨਾਲ ਉਸਦੀ ਜਿੱਤ ਦਾ ਕਾਰਣ ਬਣੀ।
ਅਪਰੈਲ ਵਾਲੀ ਹਾਰ ਤੋਂ ਬਾਅਦ ਪਾਰਟੀ ਦੇ ਅੰਦਰੋਂ ਵੀ ਪੌਲਿਵਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਪੂਰੀ ਤਰਾਂ ਦੱਬ ਜਾਣ ਦੇ ਆਸਾਰ ਬਣ ਗਏ ਹਨ।