ਟਰੰਪ ਨੇ ਯੂਰਪੀ ਆਗੂਆਂ ਨਾਲ ਮੀਟਿੰਗ ਰੋਕ ਕੇ ਪੂਤਿਨ ਨੂੰ ਕੀਤਾ ਫੋਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ (ਸਥਾਨਕ ਸਮੇਂ ਅਨੁਸਾਰ) ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਹੋਰ ਯੂਰਪੀ ਆਗੂਆਂ ਨਾਲ ਆਪਣੀ ਮੀਟਿੰਗ ਰੋਕ ਕੇ ਰੂਸ ਦੇ ਆਪਣੇ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਲਗਪਗ 40 ਮਿੰਟ ਗੱਲਬਾਤ ਕੀਤੀ। ਇਸ ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਸੀਐੱਨਐੱਨ ਨੂੰ ਇਹ ਜਾਣਕਾਰੀ ਦਿੱਤੀ। ਇੱਕ ਯੂਰਪੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਪੂਤਿਨ ਨੂੰ ਫੋਨ ਕਰਨ ਲਈ ਯੂਰਪੀ ਆਗੂਆਂ ਤੇ ਜ਼ੇਲੈਂਸਕੀ ਨਾਲ ਗੱਲਬਾਤ ਰੋਕ ਦਿੱਤੀ। ਇਹ ਖ਼ਬਰ ਸਭ ਤੋਂ ਪਹਿਲਾਂ ਜਰਮਨ ਅਖ਼ਬਾਰ ‘ਬਿਲਡ’ ਨੇ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਵ?ਹਾਈਟ ਹਾਊਸ ਵਿੱਚ ਪੂਤਿਨ ਨਾਲ ਗੱਲਬਾਤ ਤੋਂ ਬਾਅਦ ਵੀ ਯੂਰਪੀ ਆਗੂਆਂ ਨਾਲ ਗੱਲਬਾਤ ਜਾਰੀ ਰਹੇਗੀ। ਪੂਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਊਸ਼ਾਕੋਵ ਨੇ ਕਿਹਾ ਕਿ ਲਗਪਗ 40 ਮਿੰਟ ਦੀ ਗੱਲਬਾਤ ਦੌਰਾਨ ਟਰੰਪ ਨੇ ਪੂਤਿਨ ਨੂੰ ਯੂਰੋਪੀ ਆਗੂਆਂ ਨਾਲ ਆਪਣੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ।