ਰੂਸ ’ਚ ਜੈਸ਼ੰਕਰ-ਪੂਤਿਨ ਮੁਲਾਕਾਤ ਰਹੀ ਸਫਲ

0
99

ਰੂਸ ’ਚ ਜੈਸ਼ੰਕਰ-ਪੂਤਿਨ ਮੁਲਾਕਾਤ ਰਹੀ ਸਫਲ
ਮਾਸਕੋ : ਵਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕੀਤੀ ਤੇ ਦੋਵਾਂ ਨੇ ਰੂਸ ਤੇ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਸ੍ਰੀ ਜੈਸ਼ੰਕਰ ਨੇ ਰੂਸ ਦੇ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਕਾਤ ਕੀਤੀ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ, ਰੂਸੀ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2022 ਤੋਂ ਬਾਅਦ ਭਾਰਤ ਦਾ ਰੂਸ ਨਾਲ ਵਪਾਰ ਵੀ ਘਟ ਗਿਆ ਹੈ। ਦੋਵੇਂ ਵਿਦੇਸ਼ ਮੰਤਰੀਆਂ ਨੇ ਯੂਕਰੇਨ, ਪੱਛਮੀ ਏਸ਼ੀਆ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ।
ਰੂਸੀ ਤੇਲ ਖ਼ਰੀਦਣ ਕਾਰਨ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ ਵਾਧੂ 25 ਫ਼ੀਸਦ ਟੈਰਿਫ ਲਗਾਏ ਜਾਣ ਮਗਰੋਂ ਉਕਤ ਬਿਆਨ ਨੂੰ ਕਿਸੇ ਭਾਰਤੀ ਆਗੂ ਦਾ ਪਹਿਲਾ ਜਵਾਬ ਮੰਨਿਆ ਜਾ ਰਿਹਾ ਹੈ। ਜੈਸ਼ੰਕਰ ਨੇ ਇਹ ਬਿਆਨ ਲਾਵਰੋਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਰੂਸੀ ਤੇਲ ਦੇ ਸਭ ਤੋਂ ਵੱਡੇ ਖ਼ਰੀਦਦਾਰ ਨਹੀਂ ਹਾਂ। ਉਹ ਚੀਨ ਹੈ। ਅਸੀਂ ਰੂਸੀ ਐੱਲਐੱਨਜੀ ਦੇ ਵੀ ਸਭ ਤੋਂ ਵੱਡੇ ਖ਼ਰੀਦਦਾਰ ਨਹੀਂ ਹਾਂ। ਮੈਨੂੰ ਪੂਰਾ ਯਕੀਨ ਹੈ ਐੱਲਐੱਨਜੀ ਦਾ ਸਭ ਤੋਂ ਵੱਡਾ ਖ਼ਰੀਦਦਾਰ ਯੂਰਪੀ ਯੂਨੀਅਨ ਹੈ।’’ ਮਾਸਕੋ ਦੇ ਤਿੰਨ ਰੋਜ਼ਾ ਦੌਰੇ ’ਤੇ ਆਏ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਅਮਰੀਕਾ, ਰੂਸ ਤੋਂ ਕੱਚਾ ਤੇਲ ਖ਼ਰੀਦਣ ਲਈ ਭਾਰਤ ਦੇ ਪੱਖ ’ਚ ਸੀ ਕਿਉਂਕਿ ਇਸ ਨਾਲ ਊਰਜਾ ਬਾਜ਼ਾਰ ’ਚ ਸਥਿਰਤਾ ਆਈ ਹੈ। ਉਨ੍ਹਾਂ ਕਿਹਾ, ‘‘ਕੁਦਰਤੀ ਤੌਰ ’ਤੇ ਅਸੀਂ ਅਮਰੀਕਾ ਤੋਂ ਵੀ ਤੇਲ ਖ਼ਰੀਦਦੇ ਹਾਂ ਅਤੇ ਇਹ ਮਾਤਰਾ ਵਧਦੀ ਜਾ ਰਹੀ ਹੈ। ਇਸ ਲਈ ਸੱਚ ਆਖਾਂ ਤਾਂ ਅਸੀਂ ਤੁਹਾਡੇ (ਅਮਰੀਕਾ) ਵੱਲੋਂ ਦਿੱਤੀ ਗਈ ਦਲੀਲ ਤੋਂ ਬਹੁਤ ਹੈਰਾਨ ਹਾਂ।’’ ਇਸ ਦੌਰਾਨ ਭਾਰਤ ਅਤੇ ਰੂਸ ਨੇ ਦੁਵੱਲਾ ਵਪਾਰ ‘ਸੰਤੁਲਿਤ ਅਤੇ ਟਿਕਾਊ ਢੰਗ’ ਨਾਲ ਵਧਾਉਣ ਦਾ ਅਹਿਦ ਲਿਆ। ਜੈਸ਼ੰਕਰ ਨੇ ਲਾਵਰੋਵ ਨਾਲ ਵਾਰਤਾ ਦੌਰਾਨ ਨਾਨ-ਟੈਰਿਫ ਅਤੇ ਰੈਗੂਲੇਟਰੀ ਅੜਿੱਕਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਲਾਵਰੋਵ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਭਾਰਤ ਅਤੇ ਰੂਸ ਵਿਚਾਲੇ ਸਬੰਧ ਦੂਜੀ ਵਿਸ਼ਵ ਜੰਗ ਮਗਰੋਂ ਦੁਨੀਆ ਦੇ ਸਭ ਤੋਂ ਪ੍ਰਮੁੱਖ ਸਬੰਧਾਂ ’ਚੋਂ ਇਕ ਰਹੇ ਹਨ।’’ ਵਾਰਤਾ ਦੌਰਾਨ ਦੋਵੇਂ ਆਗੂਆਂ ਨੇ ਅਤਿਵਾਦ ਨਾਲ ਸਿੱਝਣ ਦੇ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਹਰ ਤਰ੍ਹਾਂ ਦੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਤੋਂ ਲਾਵਰੋਵ ਨੂੰ ਜਾਣੂ ਕਰਵਾਇਆ। ਯੂਕਰੇਨ ਅਤੇ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਮਤਭੇਦਾਂ ਦੇ ਹੱਲ ਲਈ ਵਾਰਤਾ ਅਤੇ ਕੂਟਨੀਤੀ ’ਤੇ ਜ਼ੋਰ ਦੇਣਾ ਜਾਰੀ ਰੱਖੇਗਾ। ਇਸ ਦੌਰਾਨ ਉਨ੍ਹਾਂ ਭਾਰਤ ਅਤੇ ਰੂਸ ਵਿਚਾਲੇ ਸਾਲ ਦੇ ਅਖੀਰ ’ਚ ਹੋਣ ਵਾਲੇ ਸਾਲਾਨਾ ਸਿਖਰ ਸੰਮੇਲਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ।

LEAVE A REPLY

Please enter your comment!
Please enter your name here