ਬਰੈਂਪਟਨ ’ਚ ਭਾਰਤੀ ਨੌਜਵਾਨ ਦਾ ਕਤਲ ਵੈਨਕੂਵਰ

0
501

ਬਰੈਂਪਟਨ ’ਚ ਭਾਰਤੀ ਨੌਜਵਾਨ ਦਾ ਕਤਲ ਵੈਨਕੂਵਰ :ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਅਣਪਛਾਤਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮਾਰੇ ਗਏ ਨੌਜਵਾਨ ਦੀ ਪਛਾਣ ਸੋਨੂੰ ਚੱਠਾ ਵਜੋਂ ਕੀਤੀ ਗਈ ਹੈ। ਜ਼ਖ਼ਮੀ ਹੋਇਆ ਵਿਅਕਤੀ ਵੀ ਭਾਰਤੀ ਹੈ, ਪਰ ਉਸ ਦੇ ਨਾਂਅ ਦੀ ਅਜੇ ਪੁਸ਼ਟੀ ਨਹੀਂ ਹੋਈ। ਉਧਰ ਘਟਨਾ ਤੋਂ ਕੁਝ ਘੰਟੇ ਬਾਅਦ ਬਿਸ਼ਨੋਈ ਗਰੁੱਪ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ, ਪਰ ਖ਼ਬਰ ਲਿਖੇ ਜਾਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲੀਸ ਦੇ ਬੁਲਾਰੇ ਸਾਰਾਹ ਪੈਟਨ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕੈਸਲਮੋਰ ਸੜਕ ’ਤੇ ਹੰਬਰਵੈਸਟ ਪਾਰਕਵੇਅ ਕੋਲ ਇੱਕ ਘਰ ’ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਮੌਕੇ ’ਤੇ ਪਹੁੰਚੀ ਤਾਂ ਦੋ ਵਿਅਕਤੀ ਗੋਲੀਆਂ ਦੇ ਜ਼ਖ਼ਮਾਂ ਕਾਰਨ ਤੜਪ ਰਹੇ ਸਨ। ਇਨ੍ਹਾਂ ਵਿਚੋਂ ਇੱਕ ਦੀ ਉੱਥੇ ਹੀ ਮੌਤ ਹੋ ਗਈ। ਦੂਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਮਿੱਥ ਕੇ ਕੀਤੀ ਗਈ, ਜੋ ਦੋ ਧਿਰਾਂ ਦੀ ਆਪਸੀ ਰੰਜਿਸ਼ ਜਾਪਦੀ ਹੈ। ਪੁਲੀਸ ਅਧਿਕਾਰੀ ਅਨੁਸਾਰ ਘਟਨਾ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੇ ਕਾਰ ਵਿੱਚ ਭੱਜੇ ਹੋਣ ਦੇ ਸੰਕੇਤ ਹਨ। ਪੁਲੀਸ ਨੇ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੈਮਰੇ ਖੰਗਾਲਣ ਤੇ ਘਟਨਾ ਨਾਲ ਸਬੰਧਤ ਫੁਟੇਜ ਪੁਲੀਸ ਨਾਲ ਸਾਂਝੀ ਕਰਨ ਤਾਂ ਕਿ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ।

LEAVE A REPLY

Please enter your comment!
Please enter your name here