ਚੀਨ ਨੇ ਵਪਾਰ ਮੁੜ ਸ਼ਰੂ ਕਰਨ ਲਈ ਸਹਿਮਤੀ ਜਤਾਈ
ਸ਼ਿਮਲਾ : ਚੀਨ ਨੇ ਵਿਦੇਸ਼ ਮੰਤਰੀ ਵਾਂਗ ਯੀ ਦੀ ਹਾਲੀਆ ਭਾਰਤ ਫੇਰੀ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਸ਼ਿਪਕੀ-ਲਾ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਸਿਧਾਂਤਕ ਤੌਰ ’ਤੇ ਸਹਿਮਤ ਜਤਾਈ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਕਰੋਨਾ ਮਹਾਂਮਾਰੀ ਕੋਵਿਡ-19 ਕਾਰਨ ਇਹ ਵਪਾਰ 2020 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਇਹ ਸਫਲਤਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਿੱਜੀ ਦਖਲ ਸਦਕਾ ਮਿਲੀ ਹੋਈ ਹੈ, ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਤਿਹਾਸਕ ਭਾਰਤ-ਤਿੱਬਤ ਵਪਾਰ ਮਾਰਗ ਮੁੜ ਖੋਲ੍ਹਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ, ਕੇਂਦਰ ਸਰਕਾਰ ਨੇ ‘‘ਰਸਮੀ ਤੌਰ ’ਤੇ ਇਹ ਮਾਮਲਾ ਚੀਨ ਕੋਲ ਉਠਾਇਆ, ਜਿਸ ਕਾਰਨ ਵਪਾਰ ਮੁੜ ਸ਼ੁਰੂ ਕਰਨ ’ਤੇ ਸਹਿਮਤੀ ਬਣੀ।’’ ਬਿਆਨ ’ਚ ਕਿਹਾ ਕਿ ਗਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਹੁਣ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਇਹ ਮਾਮਲਾ ਕੇਂਦਰੀ ਵਣਜ ਮੰਤਰਾਲੇ ਕੋਲ ਉਠਾਏਗੀ।