ਯੂਕਰੇਨ ਨੇ ਪਰਮਾਣੂ ਪਾਵਰ ਪਲਾਂਟ ’ਤੇ ਹਮਲਾ ਕੀਤਾ: ਰੂਸ
ਮਾਸਕੋ : ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਲੰਘੀ ਰਾਤ ਕਈ ਡਰੋਨ ਹਮਲੇ ਕੀਤੇ ਜਿਸ ਕਾਰਨ ਉਸ ਦੇ ਪੱਛਮੀ ਕੁਰਸਕ ਖੇਤਰ ’ਚ ਪੈਂਦੇ ਪਰਮਾਣੂ ਪਾਵਰ ਪਲਾਂਟ ’ਚ ਅੱਗ ਲੱਗ ਗਈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਯੂਕਰੇਨ ਆਪਣੀ ਆਜ਼ਾਦੀ ਦੇ 34 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ।
ਰੂਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਕੀਤੇ ਗਏ ਹਮਲਿਆਂ ’ਚ ਕਈ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀਆਂ ਨੇ ‘ਟੈਲੀਗ੍ਰਾਮ’ ’ਤੇ ਦੱਸਿਆ ਕਿ ਯੂਕਰੇਨ ਦੇ ਡਰੋਨ ਹਮਲਿਆਂ ’ਚ ਇਕ ਪਰਮਾਣੂ ਪਾਵਰ ਪਲਾਂਟ ’ਚ ਅੱਗ ਲੱਗ ਗਈ ਜਿਸ ਨੂੰ ਤੁਰੰਤ ਬੁਝਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਉਂਝ ਉਸ ਨੇ ਦੱਸਿਆ ਕਿ ਹਮਲੇ ’ਚ ਇਕ ਟਰਾਂਸਫਾਰਮਰ ਨੁਕਸਾਨਿਆ ਗਿਆ ਹੈ ਪਰ ਰੇਡੀਏਸ਼ਨ ਦਾ ਪੱਧਰ ਆਮ ਪੱਧਰ ’ਤੇ ਕਾਇਮ ਰਿਹਾ।
ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਨੇ ਕਿਹਾ ਕਿ ਉਸ ਨੂੰ ਮੀਡੀਆ ’ਚ ਆਈਆਂ ਖ਼ਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਫੌਜੀ ਕਾਰਵਾਈ ਕਾਰਨ ਪਲਾਂਟ ਦੇ ਇਕ ਟਰਾਂਸਫਾਰਮਰ ’ਚ ਅੱਗ ਲੱਗ ਗਈ ਹੈ ਪਰ ਉਹ ਇਸ ਦੀ ਨਿਰਪੱਖ ਤੌਰ ’ਤੇ ਪੁਸ਼ਟੀ ਨਹੀਂ ਕਰ ਸਕਦੇ ਹਨ। ਯੂਕਰੇਨ ਨੇ ਕਥਿਤ ਹਮਲੇ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸ਼ਨਿਚਰਵਾਰ ਦੇਰ ਰਾਤ ਰੂਸੀ ਖ਼?ੱਤੇ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ਵੱਲੋਂ ਭੇਜੇ ਗਏ 95 ਡਰੋਨਾਂ ਨੂੰ ਫੁੰਡ ਦਿੱਤਾ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਨੇ ਦੋਨੇਤਸਕ ਖ਼?ੱਤੇ ਦੇ ਦੋ ਪਿੰਡਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ।