ਫਲੌਰਿਡਾ ਵਿਖੇ ਪੀੜ੍ਹਤ ਟਰੱਕ ਡਰਾਇਵਰ ਨੂੰ ਝੂਠੀ ਹਮਦਰਦੀ ਦੇਣ ਦੀ ਬਜਾਏ ਹੋਰਾਂ ਡਰਾਇਵਰਾਂ ਨੂੰ ਸੁਚੇਤ ਕੀਤਾ ਜਾਏ : ਡਾ. ਜਸਦੀਪ ਸਿੰਘ ਜੈਸੀ
ਵਾਸ਼ਿੰਗਟਨ : ਅਖੌਤੀ ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਫਲੌਰਿਡਾ (ਅਮਰੀਕਾ) ਵਿਖੇ ਯੂ-ਟਰਨ ਲੈਣ ਵਾਲੇ ਉਸ ਟਰੱਕ ਡਰਾਇਵਰ ਨੂੰ ਜੇਲ੍ਹ ਵਿੱਚ ਮਿਲ ਕੇ ਆਇਆ ਹਾਂ, ਪਰ ਇਸ ਗੱਲ ਦਾ ਯਕੀਨ ਕਿਵੇਂ ਕੀਤਾ ਜਾ ਸਕਦਾ ਹੈ। ਇਸ ਬਾਰੇ ‘ਸਿੱਖਸ ਆਫ ਅਮੈਰਿਕਾ’ ਦੇ ਪ੍ਰੈਜੀਡੈਂਟ ਅਤੇ ਸਿੱਖ ਬੁੱਧੀਜੀਵੀ ਸ. ਜਸਦੀਪ ਸਿੰਘ ਜੈਸੀ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਜੇਲ੍ਹ ਵਿੱਚ ਮੁਲਾਕਤ ਕਰਨ ਲਈ ਇੱਕ ਬਹੁਤ ਵੱਡੇ ਪ੍ਰੋਸੈਸ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪਹਿਲਾਂ ਦੋਸ਼ੀ ਵਿਅਕਤੀ ਬੇਨਤੀ ਪੱਤਰ ਲਿੱਖਦਾ ਹੈ ਕਿ ਮੈਨੂੰ ਇਸ ਨਾਲ ਮਿਲਣ ਦਿੱਤਾ ਜਾਵੇ, ਫਿਰ ਜੇਲ੍ਹ ਅਧਿਕਾਰੀ ਦਿਨ ਨਿਸ਼ਚਿਤ ਕਰਦੇ ਹਨ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆਵਾਂ ’ਚੋਂ ਗੁਜ਼ਰਨ ਤੋਂ ਬਾਅਦ ਜੇਲ੍ਹ ਵਿੱਚ ਮੁਲਾਕਾਤ ਸੰਭਵ ਹੋ ਸਕਦੀ ਹੈ। ਪਤਾ ਨਹੀਂ ਪੰਨੂੰ ਕਿਸ ਤਰ੍ਹਾਂ ਜੇਲ੍ਹ ਵਿੱਚ ਉਸ ਡਰਾਇਵਰ ਨੂੰ ਮਿਲ ਸਕਿਆ।
ਇਸ ਦੇ ਨਾਲ ਹੀ ਯੂ-ਟਰਨ ਵੇਲੇ ਮਾਰੇ ਗਏ ਤਿੰਨ ਵਿਅਕਤੀਆਂ ਨੂੰ ਪੰਨੂੰ ਵੱਲੋਂ ਇੱਕ-ਇੱਕ ਲੱਖ ਡਾਲਰ (1,00,000) ਦੇਣ ਦੇ ਵਾਅਦੇ ਕੀਤੇ ਗਏ ਹਨ। ਇਸ ਸੰਬੰਧੀ ਸਪੱਸ਼ਟ ਕਰਦਿਆਂ ਸ.ਜੈਸੀ ਨੇ ਕਿਹਾ ਹੈ ਕਿ ਪੰਨੂੰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਕੰਧਾਂ ਉੱਤੇ ਜੋ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਫੜ੍ਹੇ ਗਏ ਹਨ ਉਨ੍ਹਾਂ ਨੂੰ ਤਾਂ ਪੈਸੇ ਦਿੱਤੇ ਨਹੀਂ ਗਏ ਉਹ ਜੇਲ੍ਹਾਂ ਵਿੱਚ ਰੁੱਲ ਰਹੇ ਹਨ। ਉਨ੍ਹਾਂ ਦੇ ਮਾਪੇ ਨਿੱਤ ਦਿਨ ਯੂ-ਟਿਊਬ ਉੱਤੇ ਪੰਨੂੰ ਨੂੰ ਲਾਹਨਤਾਂ ਪਾ ਰਹੇ ਹਨ, ਤੇ ਹੁਣ ਫਿਰ ਨਵੇਂ ਦਾਅਵੇ ਕਰ ਰਿਹਾ ਹੈ, ਜੋ ਸਰਾਸਰ ਗਲਤ ਹੈ।
ਉਨ੍ਹਾਂ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਸੀਰੀਅਸ ਮਸਲਾ ਹੈ, ਸਾਡਾ ਇੱਕ ਪੰਜਾਬੀ ਬੇਟਾ ਜੇਲ੍ਹ ਵਿੱਚ ਬੈਠਾ ਹੈ, ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤਾਂ ਹੋ ਚੁੱਕੀ ਹੈ, ਉਹ ਸਜਾ ਦੀ ਉਡੀਕ ਕਰ ਰਿਹਾ ਹੈ, ਇਸ ਔਖੀ ਘੜੀ ਵਿੱਚ ਉਸ ਨਾਲ ਕੋਝੀ ਰਾਜਨੀਤਿ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਜਦਕਿ ਕਿ ਇਸ ਸਮੇਂ ਸਾਨੂੰ ਇਸ ਗੱਲ ਵੱਲ ਵਿਚਾਰ ਕਰਨਾ ਚਾਹੀਦਾ ਹੈ ਕਿ ਪੀੜ੍ਹਤ ਹਰਜਿੰਦਰ ਸਿੰਘ ਵਰਗੇ ਹੋਰ ਵੀ ਬੱਚੇ ਜੋ ਇਸ ਪ੍ਰੋਫੈਸ਼ਨ ਵਿੱਚ ਹਨ, ਉਨ੍ਹਾਂ ਨੂੰ ਹਾਲੇ ਵੀ ਇੰਗਲਿਸ਼ ਨਹੀਂ ਆਉਂਦੀ ਉਹ ਅਜੇ ਵੀ ਟਰੱਕ ਉੱਤੇ ਚੜ੍ਹੇ ਹੋਏ ਹਨ ਉਨ੍ਹਾ ਨੂੰ ਸਮਝਾਇਆ ਜਾਵੇਗਾ ਉਨ੍ਹਾਂ ਨੂੰ ਇੰਗਲਿਸ਼ ਦੀਆਂ ਕਲਾਸਾਂ ਵਿੱਚ ਲੈ ਕੇ ਆਇਆ ਜਾਵੇ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ, ਉਨ੍ਹਾਂ ਸਮਝਾਇਆ ਜਾ ਸਕਦਾ ਹੈ ਕਿ ਟਰੱਕ ਚਲਾਉਣ ਤੋਂ ਪਹਿਲਾਂ ਇੰਗਲਿਸ਼ ਜ਼ਰੂਰ ਸਿੱਖੋ ਸੜਕ ਸੁਰੱਖਿਆ ਸੰਬੰਧੀ ਸਾਰੇ ਨਿਯਮ ਤੁਹਾਨੂੰ ਯਾਦ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਕਰਨ ਤੋਂ ਅਸਮਰੱਥ ਹੋ ਤਾਂ ਕੋਈ ਹੋਰ ਬਿਜਨੈੱਸ ਵਿੱਚ ਵੀ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ। ਇਨ੍ਹਾਂ ਕੰਮਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹੇ ਮੌਕੇ ਆਪਣੀ ਰਾਜਨੀਤੀ ਚਮਕਾਉਣ ਲਈ ਗਲਤ ਬਿਆਨਬਾਜ਼ੀ ਕਰਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।
ਸ. ਜੈਸੀ ਨੇ ਦੱਸਿਆ ਕਿ ਇਨ੍ਹਾਂ ਅਖੌਤੀ ਲੀਡਰਾਂ ਕਰਕੇ ਹੀ ਇਹ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹਨ, ਰਾਜਨੀਤਿਕ ਸ਼ਰਨ (ਪੋਲੀਟਿਕਲ ਸਟੇਅ) ਲੈਂਦੇ ਹਨ। ਪੰਜਾਬ ਦੀਆਂ ਸਿੱਖ ਰਾਜਨੀਤਿਕ ਪਾਰਟੀਆਂ ਤੋਂ ਗਲਤ ਲੈਟਰ ਲਿਖਵਾ ਕੇ, ਇਥੋਂ ਦੇ ਵਕੀਲਾਂ ਰਾਹੀਂ ਪੋਲੀਟਿਕਲ ਸਟੇਅ ਦੇ ਪੇਪਰ ਬਣਾਉਂਦੇ ਹਨ ਅਤੇ ਨਕਲੀ ਡਰਾਇੰਵਿੰਗ ਲਾਇਸੈਂਸ ਪ੍ਰਾਪਤ ਕਰਕੇ ਇਸ ਪ੍ਰੋਫੈਸ਼ਨ ਵਿੱਚ ਆ ਰਹੇ ਹਨ। ਇਨ੍ਹਾਂ ਨੂੰ ਗਲਤ ਸਬਜ ਬਾਗ ਦਿਖਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਹੁਣ ਇਨ੍ਹਾਂ ਉੱਤੇ ਅਮਰੀਕਾ ਸਰਕਾਰ ਵੱਲੋਂ ਕਾਰਵਾਈਆਂ ਹੋਣ ਦੀ ਸੰਭਾਵਨਾਵਾਂ ਕਾਫੀ ਵੱਧ ਗਈਆਂ ਹਨ ਅਤੇ ਇਨ੍ਹਾਂ ਦਾ ਭਵਿੱਖ ਖਤਰੇ ਵਿੱਚ ਹੈ।
ਇਸ ਸਭ ਲਈ ਉਹ ਏਜੰਟ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਨ੍ਹਾਂ ਨੂੰ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਐਂਟਰ ਕਰਵਾਇਆ, ਉਹ ਵਕੀਲ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਸਬਜ਼ਬਾਗ ਦਿਖਾਏ ਅਤੇ ਉਹ ਏਜੰਸੀਆਂ ਜਾਂ ਸਟੇਟਸ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਇਨ੍ਹਾਂ ਨੂੰ ਲਾਇਸੈਂਸ ਉਪਲੱਬਧ ਕਰਵਾਏ ਹਨ ਇਨ੍ਹਾਂ ਸਭ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਬਾਕੀ ਗੱਲ ਰਹੀ ਗੱਲ ਨੌਜਵਾਨ ਡਰਾਇਵਰ ਹਰਜਿੰਦਰ ਸਿੰਘ ਦੀ ਉਸ ਨੂੰ ਕਾਨੂੰਨ ਮੁਤਾਬਿਕ ਸਜਾ ਹੋਣੀ ਹੀ ਹੈ ਕਿਉਂਕਿ ਉਸ ਕਾਰਨ ਤਿੰਨ ਮੌਤਾਂ ਹੋਈਆਂ ਹਨ।
ਅੰਤ ਵਿੱਚ ਸ. ਜਸਦੀਪ ਸਿੰਘ ਜੈਸੀ ਨੇ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਮਰੀਕਾ ਦੇ ਕਾਨੂੰਨਾਂ ਦਾ ਚੰਗੀ ਤਰ੍ਹਾਂ ਪਾਲਣ ਕਰਨਾ ਚਾਹੀਦਾ ਹੈ ਅਤੇ ਗੈਰਕਾਨੂੰਨੀ ਢੰਗ ਜਾਂ ਗਲਤ ਤਰੀਕੇ ਨਾਲ ਕੰਮ ਕਰਵਾਉਣ ਦੀ ਬਜਾਏ ਕਾਨੂੰਨੀ ਹਦਾਇਤਾਂ ਮੁਤਾਬਿਕ ਚੱਲਣਾ ਚਾਹੀਦਾ ਹੈ।