ਕੈਥੋਲਿਕ ਸਕੂਲ ’ਚ ਗੋਲੀਬਾਰੀ; ਹਮਲਾਵਰ ਸਣੇ ਤਿੰਨ ਦੀ ਮੌਤ, 17 ਜ਼ਖਮੀ
ਨਿਊਯਾਰਕ : ‘ਝੀਲਾਂ ਦੇ ਸ਼ਹਿਰ’ ਵਜੋਂ ਜਾਣੇ ਜਾਂਦੇ ਅਮਰੀਕਾ ਦੇ ਸ਼ਹਿਰ ਮਿਨੀਆਪੋਲਿਸ ਵਿੱਚ ਗੋਲੀਬਾਰੀ ਦੀ ਘਟਨਾ ਮਗਰੋਂ ਦਹਿਸ਼ਤ ਦਾ ਮਾਹੌਲ ਹੈ। ਮਿਨੀਆਪੋਲਿਸ ਦੇ ਇੱਕ ਕੈਥਲਿਕ ਸਕੂਲ ਵਿੱਚ ਕਲਾਸਾਂ ਸ਼ੁਰੂ ਹੋਣ ਦੀ ਸ਼ੁਰੂਆਤ ਦੇ ਪਹਿਲੇ ਹਫ਼ਤੇ ਵਿੱਚ ਹੀ ਗੋਲੀਬਾਰੀ ਦੀ ਇੱਕ ਘਟਨਾ ’ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਤੇ ਹਸਪਤਾਲ ਦੇ ਪ੍ਰਤੀਨਿਧ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਮੁਖੀ ਅਤੇ ਮੇਅਰ ਨੇ ਦੱਸਿਆ ਕਿ ਸਕੂਲ ਵਿੱਚ ਪ੍ਰਾਰਥਨਾ ਸਮੇਂ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਤੇ 14 ਬੱਚਿਆਂ ਸਣੇ 17 ਜਣੇ ਜ਼ਖਮੀ ਹੋ ਗਏ। ਘਟਨਾ ਦੌਰਾਨ ਹਮਲਾਵਰ ਵੀ ਮਾਰਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਮਲਵਰ, ਜਿਸ ਕੋਲ ਰਾਈਫਲ, ਸ਼ਾਟਗੰਨ ਤੇ ਪਿਸਤੌਲ ਸੀ, ਲੈਸਵਰ ਕਿ ਚਰਚ ਵੱਲ ਵਧਿਆ ਅਤੇ ਉਸ ਨੇ ਖਿੜਕੀਆਂ ਰਾਹੀਂ ਪ੍ਰਾਰਥਨਾ ਸਭਾ ਦੇ ਬੈਂਚ ’ਤੇ ਬੈਠੇ ਬੱਚਿਆਂ ’ਤੇ ਗੋਲੀਆਂ ਚਲਾ ਦਿੱਤੀਆਂ। ੳਨ੍ਹਾਂ ਕਿਹਾ ਕਿ ਗੋਲੀਬਾਰੀ ਦਾ ਸ਼ੱਕੀ ਵਿਅਕਤੀ ਵੀ ਮਾਰਿਆ ਗਿਆ, ਜਿਸ ਦੀ ਉਮਰ 20 ਸਾਲ ਹੈ ਅਤੇ ਉਸਦਾ ਕੋਈ ਵਿਆਪਕ ਅਪਰਾਧਕ ਰਿਕਾਰਡ ਨਹੀਂ ਹੈ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਬੱਚਿਆ ਦੀ ਉਮਰ 8 ਅਤੇ 10 ਸੀ। ਘਟਨਾ ਸਮੇਂ ਦਰਜਨਾਂ ਬੱਚੇ ਹਾਲ ਦੇ ਅੰਦਰ ਸਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।