ਇੰਗਲੈਂਡ ਵਿਖੇ ਅਪਰਾਧੀਆਂ ’ਚ ਭਾਰਤੀਆਂ ਦੀ ਗਿਣਤੀ ਵੱਧ
ਲੰਡਨ : ਬਰਤਾਨਵੀ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਬਰਤਾਨੀਆ ’ਚ ਜਿਨਸੀ ਅਪਰਾਧਾਂ ਲਈ ਸਜ਼ਾ ਪਾਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ’ਚ ਪਿਛਲੇ ਚਾਰ ਸਾਲਾਂ ਅੰਦਰ ਕਾਫੀ ਵਾਧਾ ਹੋਇਆ ਹੈ ਅਤੇ ਇਨ੍ਹਾਂ ’ਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸਾਲ 2021 ਤੇ 2024 ਵਿਚਾਲੇ ਜਿਨਸੀ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤੇ ਗਏ ਵਿਦੇਸ਼ੀ ਨਾਗਰਿਕਾਂ ’ਚ ਭਾਰਤੀਆਂ ਦੀ ਗਿਣਤੀ ’ਚ 257 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਇਸ ਮਿਆਦ ਦੌਰਾਨ ਜਿਨਸੀ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤੇ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ’ਚ ਕੁੱਲ 62 ਫ਼ੀਸਦ ਵਾਧਾ ਹੋਇਆ ਹੈ। ਇਹ ਅੰਕੜੇ ਬਰਤਾਨੀਆ ਦੇ ਨਿਆਂ ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ’ਤੇ ਆਧਾਰਿਤ ਹਨ। ਇਸ ਮਗਰੋਂ ਸੈਂਟਰ ਫਾਰ ਮਾਈਗਰੇਸ਼ਨ ਕੰਟਰੋਲ ਵੱਲੋਂ ਇਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ।