ਚੜ੍ਹਦਾ ਅਤੇ ਲਹਿੰਦਾ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਹੇਠ

0
6

ਚੜ੍ਹਦਾ ਅਤੇ ਲਹਿੰਦਾ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਹੇਠ
ਭਾਰਤੀ ਪੰਜਾਬ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬ ਦੀ ਵੀ ਮੱਦਦ ਕੀਤੀ ਜਾਵੇ : ਜਸਦੀਪ ਸਿੰਘ ਜੈਸੀ
ਵਾਸ਼ਿੰਗਟਨ : ਚੜ੍ਹਦਾ ਅਤੇ ਲਹਿੰਦਾ ਪੰਜਾਬ ਹੜ੍ਹਾਂ ਦੀ ਵੱਡੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਜਾਨੀ ਅਤੇ ਮਾਲੀ ਨੁਕਸਾਨ ਵੱਡੀ ਪੱਧਰ ਉੱਤੇ ਹੋ ਰਿਹਾ ਹੈ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਭਾਵੇਂ ਆਪੋ-ਆਪਣੀ ਸਮਰੱਥਾ ਅਨੁਸਾਰ ਲੋਕਾਂ ਦੀ ਸਹਾਇਤਾ ਕਰ ਰਹੀਆਂ ਹਨ, ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਲਈ ਭਾਵੇਂ ਕਿ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅੱਗੇ ਆ ਰਹੀਆਂ ਹਨ। ਕਈ ਲੋਕਾਂ ਦਾ ਮੰਨਣਾ ਹੈ ਇਹ ਹੜ੍ਹ ‘ਮੈਨ ਮੇਡ ਫਲਡ’ ਹੈ, ਕਿਉਂਕਿ ਸਰਕਾਰਾਂ ਦੀ ਆਪਸੀ ਰੰਜਸ਼ ਵੀ ਇਸ ਵਿੱਚ ਸ਼ਾਮਲ ਹੈ। ਆਪਣੇ ਦੇਸ਼ ਜਾਂ ਪ੍ਰਾਂਤ ਨੂੰ ਬਚਾਉਣ ਲਈ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਹੜ੍ਹ ਪੀੜ੍ਹਤਾਂ ਨੂੰ ਸਰਕਾਰਾਂ ਨਾਲ ਗਿਲਾ-ਸ਼ਿਕਵਾ ਹੈ ਕਿ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਜਾਂ ਸਹਾਇਤਾ ਨਹੀਂ ਕੀਤੀ ਜਾ ਰਹੀ। ਇਸ ਮੁੱਦੇ ਉੱਤੇ ਅਮੇਜਿੰਗ ਟੀ.ਵੀ. ਦੇ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ‘ਸਿੱਖ ਆਫ ਅਮੈਰਿਕਾ’ ਦੇ ਪ੍ਰੈਜੀਡੈਂਟ ਸ. ਜਸਦੀਪ ਸਿੰਘ ਜੈਸੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਅਜੌਕੇ ਮੀਡੀਆ ਦੇ ਯੁੱਗ ਵਿੱਚ ਕਿਥੇ ਕੀ ਵਾਪਰ ਰਿਹਾ ਹੈ, ਝੱਟ ਲੋਕਾਂ ਵਿੱਚ ਜਨਤਕ (ਵਾਇਰਲ) ਹੋ ਜਾਂਦਾ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਹੜ੍ਹ ਆਉਣੇ ਕੋਈ ਨਵੀਂ ਗੱਲ ਨਹੀਂ ਹੈ, ਪਰ ਪਹਿਲਾਂ ਦੀ ਬਜਾਏ ਹੁਣ ਹੜ੍ਹ ਜਿਆਦਾ ਆ ਰਹੇ ਹਨ, ਇਨ੍ਹਾਂ ਦਾ ਮੁੱਖ ਕਾਰਨ ਕਿਉਂਕਿ ਅਸੀਂ ਜੰਗਲ ਕੱਟੀ ਜਾ ਰਹੇ ਹਾਂ, ਅਸੀਂ ਪਹਾੜਾਂ ਦੀਆਂ ਢਲਾਣਾਂ ਉੱਤੇ ਘਰ ਵਸਾ ਦਿੱਤੇ ਹਨ, ਹੋਟਲ, ਰਿਜ਼ੋਰਟ, ਕਲੱਬ ਅਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਇਮਾਰਤਾਂ ਦੀ ਉਸਾਰੀ ਕਰੀ ਜਾ ਰਹੇ ਹਾਂ, ਸਰਕਾਰਾਂ ਵੀ ਬਿਨਾਂ ਕਿਸੇ ਰੋਕ-ਟੋਕ ਤੋਂ ਪ੍ਰਮਿਟ ਦੇ ਕੇ ਪੈਸੇ ਬਣਾਈ ਜਾ ਰਹੇ ਹਨ, ਜ਼ਮੀਨਾਂ ਦੇ ਭਾਅ ਵਧਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੱਡੇ ਵੱਡੇ ਡੈਮਾਂ ਦਾ ਨਿਰਮਾਣ ਹੋ ਰਿਹਾ ਹੈ। ਚਾਇਨਾ ਵਰਗੇ ਦੇਸ਼ ਬਹੁਤ ਵੱਡੇ ਵੱਡੇ ਡੈਮ ਬਣਾ ਰਿਹਾ ਹੈ, ਜਿਸ ਨਾਲ ਨਦੀਆਂ ਦੇ ਰੁੱਖ ਹੀ ਬਦਲ ਗਏ ਹਨ। ਬਹੁਤ ਸਾਰੀਆਂ ਨਦੀਆਂ ਚਾਇਨ ਤੋਂ ਭਾਰਤ ਵੱਲ ਵੱਗਦੀਆਂ ਹਨ। ਬਹੁਤ ਸਾਰੇ ਅਜਿਹੇ ਸ਼ਹਿਰਾਂ ਦਾ ਨਿਰਮਾਣ ਹੋਇਆ ਹੈ, ਜੋ ਪਾਣੀ ਦੇ ਵਹਾਅ ਨੂੰ ਰੋਕਦੇ ਹਨ। ਸਰਕਾਰਾਂ ਦਾ ਇਨ੍ਹਾਂ ਵਿੱਚ ਬਹੁਤ ਵੱਡਾ ਰੋਲ ਹੈ।
ਭਾਰਤ ਸਰਕਾਰ ਨੂੰ ਇਹ ਗਲਤ ਫਹਿਮੀ ਹੋ ਰਹੀ ਹੈ ਕਿ ਅਸੀਂ ਤਾਂ ਬਹੁਤ ਵਿਕਸਿਤ (ਡਿਵੈਲਪ) ਹੋ ਗਏ ਹਾਂ, ਵਿਸ਼ਵ ਗੁਰੂ ਬਣ ਗਏ ਹਨ ਪਰ ਅਸਲੀਅਤ ਸਾਹਮਣੇ ਆ ਜਾਂਦੀ ਹੈ, ਜਦੋਂ ਨਵੇਂ ਬਣਾਏ ਪੁੱਲ ਡਿੱਗ ਜਾਂਦੇ ਹਨ, ਕਿਥਰੇ ਸੜਕਾਂ ਬੈਠ ਜਾਂਦੀਆਂ ਹਨ, ਕਿਤੇ ਹੜ੍ਹ ਆ ਜਾਂਦੇ ਹਨ। ਵਿਸ਼ਵ ਦੀ ਵੱਡੀ ਸ਼ਕਤੀ ਅਖਵਾਉਣ ਅਤੇ ਡੀਗਾਂ ਮਾਰਨ ਦਾ ਕੀ ਫਾਇਦਾ ਜੇਕਰ ਤੁਹਾਡੇ ਆਪਣੇ ਲੋਕ ਸਹਾਇਤਾ ਲਈ ਕੁਰਲਾ ਰਹੇ ਹੋਣ।
ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਕੇਵਲ ‘ਸਿੱਖਸ ਆਫ ਅਮੈਰਿਕਾ’ ਹੀ ਨਹੀਂ ਵਿਸ਼ਵ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ‘ਖਾਲਸਾ ਏਡ’ ਅਤੇ ਲੋਕਲ ਸੰਸਥਾਵਾਂ ਇਨ੍ਹਾਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਨ੍ਹਾਂ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤੀ ਪੰਜਾਬ ਦੇ ਨਾਲ ਨਾਲ ਪਾਕਿਸਤਾਨ ਪੰਜਾਬ ਵਿੱਚ ਸਹਾਇਤਾ ਭੇਜਣੀ ਚਾਹੀਦੀ ਹੈ, ਉਥੇ ਬਹੁਤ ਸਾਰੇ ਗੁਰੂਘਰ ਡੁੱਬੇ ਹੋਏ ਹਨ ਅਤੇ ਉਥੇ ਦੇ ਵਸਨੀਕਾਂ ਦੀ ਵੀ ਮੱਦਦ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here