ਅਫਗਾਨਿਸਤਾਨ ਵਿੱਚ ਭੂਚਾਲ ਕਾਰਨ 800 ਮੌਤਾਂ ਅਤੇ 2,500 ਜ਼ਖਮੀ
ਕਾਬੁਲ, ਤਾਲਿਬਾਨ ਸਰਕਾਰ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਪੂਰਬੀ ਅਫਗਾਨਿਸਤਾਨ ਵਿੱਚ ਲਗਪਗ 800 ਲੋਕਾਂ ਦੀ ਮੌਤ ਹੋ ਗਈ ਅਤੇ 2,500 ਤੋਂ ਵੱਧ ਜ਼ਖਮੀ ਹੋ ਗਏ। ਐਤਵਾਰ ਦੇਰ ਰਾਤ ਆਏ 6.0 ਮੈਗਨੀਟਿਊਡ(ਸ਼ਿੱਦਤ) ਦੇ ਇਸ ਭੂਚਾਲ ਨੇ ਗੁਆਂਢੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਦੇ ਨੇੜੇ ਕੁਨਾਰ ਸੂਬੇ ਦੇ ਕਸਬਿਆਂ ਵਿੱਚ ਭਾਰੀ ਨੁਕਸਾਨ ਪਹੁੰਚਾਇਆ।
ਯੂਐੱਸ ਜਿਓਲਾਜੀਕਲ ਸਰਵੇਖਣ ਅਨੁਸਾਰ ਰਾਤ 11:47 ਵਜੇ ਆਏ ਇਸ ਭੂਚਾਲ ਦਾ ਕੇਂਦਰ ਨੰਗਰਹਾਰ ਸੂਬੇ ਵਿੱਚ ਜਲਾਲਾਬਾਦ ਸ਼ਹਿਰ ਤੋਂ 27 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ ਸੀ। ਇਸ ਦੀ ਡੂੰਘਾਈ ਸਿਰਫ 8 ਕਿਲੋਮੀਟਰ ਸੀ। ਘੱਟ ਡੂੰਘੇ ਭੂਚਾਲ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ।
ਇਸ ਸਬੰਧੀ ਸਾਹਮਣੇ ਆਈਆਂ ਵੀਡੀਓ’ਜ਼ ਵਿੱਚ ਰਾਹਤ ਕਰਮੀਆਂ ਨੂੰ ਡਿੱਗੀਆਂ ਇਮਾਰਤਾਂ ਵਿੱਚੋਂ ਜ਼ਖਮੀ ਲੋਕਾਂ ਨੂੰ ਸਟ?ਰੈਚਰਾਂ ’ਤੇ ਲੈ ਕੇ ਹੈਲੀਕਾਪਟਰਾਂ ਵਿੱਚ ਪਾਉਂਦੇ ਦੇਖਿਆ ਗਿਆ।
ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 800 ਹੋ ਗਈ ਹੈ ਅਤੇ 2,500 ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੌਤਾਂ ਕੁਨਾਰ ਸੂਬੇ ਵਿੱਚ ਹੋਈਆਂ ਹਨ। ਅਫਗਾਨਿਸਤਾਨ ਵਿੱਚ ਇਮਾਰਤਾਂ ਆਮ ਤੌਰ ’ਤੇ ਨੀਵੀਆਂ ਬਣਤਰਾਂ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਪੇਂਡੂ ਅਤੇ ਬਾਹਰੀ ਇਲਾਕਿਆਂ ਵਿੱਚ ਘਰ ਕੱਚੀਆਂ ਇੱਟਾਂ ਅਤੇ ਲੱਕੜ ਦੇ ਬਣੇ ਹੁੰਦੇ ਹਨ। ਬਹੁਤ ਸਾਰੇ ਘਰਾਂ ਦੀ ਉਸਾਰੀ ਮਾੜੀ ਹੁੰਦੀ ਹੈ।
ਕੁਨਾਰ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਨੂਰਗਲ ਜ਼ਿਲ੍ਹੇ ਦੇ ਇੱਕ ਨਿਵਾਸੀ ਨੇ ਕਿਹਾ ਕਿ ਲਗਪਗ ਪੂਰਾ ਪਿੰਡ ਤਬਾਹ ਹੋ ਗਿਆ ਹੈ, ‘‘ਬੱਚੇ ਮਲਬੇ ਹੇਠ ਹਨ। ਬਜ਼ੁਰਗ ਮਲਬੇ ਹੇਠ ਹਨ। ਨੌਜਵਾਨ ਮਲਬੇ ਹੇਠ ਹਨ।’’
ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜ਼ਮਾਨ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਕੁਨਾਰ, ਨੰਗਰਹਾਰ ਅਤੇ ਰਾਜਧਾਨੀ ਕਾਬੁਲ ਤੋਂ ਮੈਡੀਕਲ ਟੀਮਾਂ ਇਲਾਕੇ ਵਿੱਚ ਪਹੁੰਚ ਗਈਆਂ ਹਨ।
ਜ਼ਮਾਨ ਨੇ ਕਿਹਾ ਕਿ ਬਹੁਤ ਸਾਰੇ ਖੇਤਰਾਂ ਵਿੱਚ ਮੌਤਾਂ ਦੇ ਅੰਕੜੇ ਅਜੇ ਨਹੀਂ ਆ ਸਕੇ ਅਤੇ “ਅੰਕੜਿਆਂ ਵਿੱਚ ਬਦਲਾਅ ਹੋ ਸਕਦਾ ਹੈ। ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ, ‘‘ਜਾਨਾਂ ਬਚਾਉਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ।’