ਵਿਨੀਪੈੱਗ ਵਿਖੇ ਸਜਾਇਆ ਗਿਆ ਨਗਰ ਕੀਰਤਨ

0
464

ਵਿਨੀਪੈੱਗ ਵਿਖੇ ਸਜਾਇਆ ਗਿਆ ਨਗਰ ਕੀਰਤਨ
ਵਿਨੀਪੈੱਗ : ਅਮਰੀਕਾ ਦੇ ਗੁਰਦੁਆਰਾ ਸਿੱਖ ਸੋਸਾਇਟੀ ਆਫ਼ ਮੈਨੀਟੋਬਾ ਵੱਲੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਬਖ਼ਸ਼ੀਸ਼ ਕਰਨ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 421 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਲੈਜਿਸਲੈਟਿਵ ਬਿਲਡਿੰਗ ਦੇ ਪਾਰਕ ਵਿੱਚ ਸਜਾਇਆ ਗਿਆ। ਜਿਸ ਵਿਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੈਨੀਟੋਬਾ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਅਤੇ ਵਿਨੀਪੈਗ ਸ਼ਹਿਰ ਨੂੰ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ।
ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਮੌਕੇ ਸੁੰਦਰ ਤਰੀਕੇ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤੇ ਗਏ ਅਤੇ ਪਿੱਛੇ-ਪਿੱਛੇ ਸੰਗਤਾਂ ਦਾ ਹੜ੍ਹ ‘ਵਾਹਿਗੁਰੂ-ਵਾਹਿਗੁਰੂ’ ਦਾ ਜਾਪ ਕਰ ਰਹੀਆਂ ਸਨ।
ਰਾਗੀ ਸਿੰਘਾਂ ਨੇ ਗੁਰੂ ਜੱਸ ਗਾਇਣ ਕਰਦਿਆਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗਾਏ ਸ਼ਬਦਾਂ ਰਾਹੀਂ ਕੁੱਲ ਦੁਨੀਆ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਤੇ ਅਰਦਾਸ ਕੀਤੀ ਗਈ।
ਭਾਈ ਗੁਰਪ੍ਰੀਤ ਸਿੰਘ ਬੱਧਨੀ ਕਲਾਂ ਵਾਲੇ ਢਾਡੀ ਜੱਥੇ ਨੇ ਸਿੱਖਾਂ ਦੇ ਇਤਿਹਾਸ ਨੂੰ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਰਵਣ ਕਰਵਾਇਆ। ਮੈਨੀਟੋਬਾ ਦੇ ਵੱਖ ਵੱਖ ਗਤਕਾ ਅਖਾੜੇ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਪੂਰੇ ਰਸਤੇ ਗਤਕੇ ਦੇ ਜੌਹਰ ਦਿਖਾਏ।
ਮੈਨੀਟੋਬਾ ਦੇ ਪ੍ਰੀਮੀਅਰ ਵੈੱਬ ਕੀਨਿਊ ਖ਼ਾਸ ਤੌਰ ’ਤੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਲੰਗਰ ਵਿੱਚ ਸੇਵਾ ਕੀਤੀ। ਸਿੱਖ ਸੋਸਾਇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾਉ ਭੇਟ ਕੀਤੇ ਗਏ।
ਮੈਨੀਟੋਬਾ ਸਿੱਖ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਦੇ ਹਰ ਵਰਗ ਨੂੰ ਨਗਰ ਕੀਰਤਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਜਿਸ ਰਾਹੀਂ ਨਾ ਸਿਰਫ਼ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲੀ ਸਗੋਂ ਸਮਾਜਿਕ ਮੇਲ-ਮਿਲਾਪ ਵੀ ਸੰਭਵ ਹੋ ਸਕਿਆ।

LEAVE A REPLY

Please enter your comment!
Please enter your name here