ਪੰਜਾਬ ਦੇ ਗੁਆਂਢੀ ਸੂਬਿਆਂ ਨੇ ਪਾਣੀ ਲੈਣ ਤੋਂ ਹੱਥ ਖੜ੍ਹੇ ਕੀਤੇ

0
85

ਪੰਜਾਬ ਦੇ ਗੁਆਂਢੀ ਸੂਬਿਆਂ ਨੇ ਪਾਣੀ ਲੈਣ ਤੋਂ ਹੱਥ ਖੜ੍ਹੇ ਕੀਤੇ
ਚੰਡੀਗੜ੍ਹ :ਪੰਜਾਬ ਜਦੋਂ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਗੁਆਂਢੀ ਸੂਬਿਆਂ ਨੇ ਨਹਿਰਾਂ ’ਚ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਰਿਆਣਾ ਅਤੇ ਰਾਜਸਥਾਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖੇ ਹਨ ਕਿ ਉਹ ਨਹਿਰਾਂ ਜ਼ਰੀਏ ਪੰਜਾਬ ’ਤੋਂ ਬਿਲਕੁਲ ਵੀ ਪਾਣੀ ਨਹੀਂ ਲੈਣਾ ਚਾਹੁੰਦੇ ਹਨ। ਹਰਿਆਣਾ ਸਰਕਾਰ ਨੇ ਆਪਣੇ ਸੂਬੇ ’ਚ ਹੜ੍ਹਾਂ ਦੀ ਸਥਿਤੀ ਦਾ ਹਵਾਲਾ ਦਿੱਤਾ ਹੈ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਨੇ ਗੰਗਾਨਗਰ ਅਤੇ ਸ੍ਰੀ ਹਨੂਮਾਨਗੜ੍ਹ ’ਚ ਘੱਗਰ ਦਾ ਪਾਣੀ ਪੁੱਜਣ ਦੀ ਗੱਲ ਆਖੀ ਹੈ। ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਨੇ ਪੰਜਾਬ ਦੇ ਮੁੱਖ ਇੰਜਨੀਅਰ (ਨਹਿਰਾਂ) ਨੂੰ ਅੱਜ ਪੱਤਰ ਲਿਖ ਕੇ ਕਿਹਾ ਹੈ ਕਿ ਘੱਗਰ ਦਾ ਪਾਣੀ ਨਰਵਾਣਾ ਬਰਾਂਚ ’ਚ ਦਾਖ਼ਲ ਹੋ ਚੁੱਕਾ ਹੈ ਅਤੇ ਹਰਿਆਣਾ ’ਚ ਮੀਂਹ ਪਏ ਹਨ ਜਿਸ ਕਾਰਨ ਨਹਿਰੀ ਪਾਣੀ ਦੀ ਮੰਗ ਘੱਟ ਗਈ ਹੈ। ਉਨ੍ਹਾਂ ਨਰਵਾਣਾ ਬਰਾਂਚ ’ਚ ਜਿਥੇ ਪਹਿਲਾਂ 2550 ਕਿਊਸਕ ਪਾਣੀ ਦੀ ਐਲੋਕੇਸ਼ਨ ਸੀ, ਉਸ ਨੂੰ ਜ਼ੀਰੋ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੋਂ ਆਖਦੇ ਰਹੇ ਹਨ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਝੱਲਣੇ ਪੰਜਾਬ ਨੂੰ ਪੈਂਦੇ ਹਨ ਅਤੇ ਹਰਿਆਣਾ ਉਸ ਵੇਲੇ ਪਾਣੀ ਨਹੀਂ ਲੈਂਦਾ ਹੈ। ਦੱਸਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਵੀ 3 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇੰਦਰਾ ਗਾਂਧੀ ਫੀਡਰ ’ਚ ਪਾਣੀ ਨਾ ਦਿੱਤਾ ਜਾਵੇ।

LEAVE A REPLY

Please enter your comment!
Please enter your name here