ਭਾਰਤ ਨਾਲ ਸਾਡੇ ਚੰਗੇ ਸੰਬੰਧ : ਟਰੰਪ
ਪਰ ਭਾਰਤ ’ਤੇ ਲਗਾਏ ਟੈਕਸ ਹਟਾਉਣ ਤੋਂ ਸਪੱਸ਼ਟ ਇਨਕਾਰ
ਨਿਊਯਾਰਕ/ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਬਹੁਤ ਚੰਗੀ ਤਰ੍ਹਾਂ ਤਾਲਮੇਲ ਰੱਖਦਾ ਹੈ ਪਰ ਕਈ ਸਾਲਾਂ ਤੋਂ ਉਨ੍ਹਾਂ ਦਾ ਸਬੰਧ ‘ਇਕਪਾਸੜ’ ਸੀ, ਕਿਉਂਕਿ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ’ਤੇ ‘ਭਾਰੀ ਟੈਕਸ’ ਲਗਾਇਆ ਜਾ ਰਿਹਾ ਸੀ। ਟਰੰਪ ਨੂੰ ਮੰਗਲਵਾਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ’ਤੇ ਲਗਾਏ ਗਏ ਕੁਝ ਟੈਕਸ ਹਟਾਉਣ ਬਾਰੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ, ‘‘ਨਹੀਂ, ਅਸੀਂ ਭਾਰਤ ਨਾਲ ਬਹੁਤ ਚੰਗੀ ਤਰ੍ਹਾਂ ਤਾਲਮੇਲ ਰੱਖਦੇ ਹਾਂ।’’ ਟਰੰਪ ਦੀ ਇਹ ਟਿੱਪਣੀ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਸਬੰਧਾਂ ਵਿੱਚ ਤਣਾਅ ਵਿਚਾਲੇ ਆਈ ਹੈ। ਅਮਰੀਕਾ ਨੇ ਭਾਰਤ ’ਤੇ 50 ਫੀਸਦ ਟੈਕਸ ਲਗਾਇਆ ਹੈ ਜੋ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਕਸਾਂ ’ਚੋਂ ਇਕ ਹੈ।
ਟਰੰਪ ਨੇ ਵਹਾਈਟ ਹਾਊਸ ਵਿੱਚ ਕਿਹਾ ਕਿ ਕਈ ਸਾਲਾਂ ਤੱਕ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ‘ਇਕਪਾਸੜ’ ਸਨ ਅਤੇ ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਇਸ ਵਿੱਚ ਬਦਲਾਅ ਆਇਆ। ਟਰੰਪ ਨੇ ਕਿਹਾ, ‘‘ਭਾਰਤ ਸਾਡੇ ਕੋਲੋਂ ਜ਼ਿਆਦਾ ਟੈਕਸ ਵਸੂਲ ਰਿਹਾ ਸੀ ਜੋ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੀ, ਇਸ ਵਾਸਤੇ ਅਮਰੀਕਾ, ਭਾਰਤ ਨਾਲ ਜ਼ਿਆਦਾ ਵਪਾਰ ਨਹੀਂ ਕਰ ਰਿਹਾ ਸੀ।’’ ਉਨ੍ਹਾਂ ਕਿਹਾ, ‘‘ਪਰ ਉਹ ਸਾਡੇ ਨਾਲ ਵਪਾਰ ਕਰ ਰਹੇ ਸਨ ਕਿਉਂਕਿ ਅਸੀਂ ਉਨ੍ਹਾਂ ਕੋਲੋਂ ਟੈਕਸ ਨਹੀਂ ਵਸੂਲ ਰਹੇ ਸਨ। ਮੂਰਖਤਾਪੂਰਨ ਢੰਗ ਨਾਲ, ਅਸੀਂ ਉਨ੍ਹਾਂ ਕੋਲੋਂ ਟੈਕਸ ਨਹੀਂ ਵਸੂਲ ਰਹੇ ਸਨ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਉਤਪਾਦਾਂ ਨੂੰ ਅਮਰੀਕਾ ਵਿੱਚ ਭੇਜ ਰਿਹਾ ਸੀ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ, ਅਮਰੀਕਾ ਨੂੰ ਟੈਰਿਫ ਨਾਲ ਮਾਰਦਾ ਹੈ ਅਤੇ ਭਾਰਤ ਨੇ ਹੁਣ ਅਮਰੀਕਾ ਨੂੰ ‘ਕੋਈ ਟੈਰਿਫ ਨਹੀਂ’ ਦੀ ਪੇਸ਼ਕਸ਼ ਕੀਤੀ ਹੈ, ਜਿਸ ਨਾਲ ਵਪਾਰ ਤੇ ਟੈਰਿਫ ’ਤੇ ਉਨ੍ਹਾਂ ਦੇ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਲੈ ਕੇ ਨਵੀਂ ਦਿੱਲੀ ਤੇ ਵਾਸ਼ਿੰਗਟਨ ਵਿਚਾਲੇ ਤਣਾਅ ਵਧ ਗਿਆ ਹੈ।