ਰੂਸ ਤੋਂ ਤੇਲ ਖ਼ਰੀਦਣ ਕਰਕੇ ਭਾਰਤ ਖ਼ਿਲਾਫ਼ ਲਾਏ ਟੈਰਿਫ਼’ : ਟਰੰਪ

0
79

ਰੂਸ ਤੋਂ ਤੇਲ ਖ਼ਰੀਦਣ ਕਰਕੇ ਭਾਰਤ ਖ਼ਿਲਾਫ਼ ਲਾਏ ਟੈਰਿਫ਼’ : ਟਰੰਪ
ਨਿਊਯਾਰਕ/ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਰੂਸੀ ਤੇਲ ਖ਼ਰੀਦਣ ਕਰਕੇ ਭਾਰਤ ਖ਼?ਲਾਫ਼ ਟੈਰਿਫ਼ ਲਗਾਏ ਹਨ। ਸੁਪਰੀਮ ਕੋਰਟ ’ਚ ਦਾਖ਼ਲ 251 ਪੰਨਿਆਂ ਦੀ ਅਪੀਲ ’ਚ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਰਾਸ਼ਟਰਪਤੀ ਨੇ ਯੂਕਰੇਨ ’ਚ ਰੂਸ ਦੀ ਜੰਗ ਦੇ ਸਬੰਧ ’ਚ ਪਹਿਲਾਂ ਤੋਂ ਮੌਜੂਦ ਕੌਮੀ ਐਮਰਜੈਂਸੀ ਨਾਲ ਸਿੱਝਣ ਲਈ ਰੂਸੀ ਊਰਜਾ ਉਤਪਾਦਾਂ ਦੀ ਖ਼ਰੀਦ ਲਈ ਭਾਰਤ ਖ਼ਿਲਾਫ਼ ਕੌਮਾਂਤਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਸਬੰਧੀ ਐਕਟ ਤਹਿਤ ਟੈਰਿਫ਼ ਲਗਾਏ ਹਨ ਜੋ ਜੰਗ ਨਾਲ ਝੰਬੇ ਮੁਲਕ ’ਚ ਸ਼ਾਂਤੀ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਇਕ ਅਹਿਮ ਪੱਖ ਹੈ। ਉੱਧਰ ਟਰੰਪ ਪ੍ਰਸ਼ਾਸਨ ਨੇ ਜੱਜਾਂ ਨੂੰ ਇਸ ਮਾਮਲੇ ’ਤੇ ਫੌਰੀ ਫ਼ੈਸਲਾ ਲੈਣ ਦੀ ਅਪੀਲ ਕੀਤੀ ਕਿ ਰਾਸ਼ਟਰਪਤੀ ਨੂੰ ਸੰਘੀ ਕਾਨੂੰਨ ਤਹਿਤ ਵੱਡੇ ਪੱਧਰ ’ਤੇ ਦਰਾਮਦ ਟੈਕਸ ਲਗਾਉਣ ਦਾ ਪੂਰਾ ਹੱਕ ਹੈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਅਪੀਲੀ ਅਦਾਲਤ ਦੇ ਉਸ ਫ਼ੈਸਲੇ ਨੂੰ ਬਦਲ ਦੇਣ, ਜਿਸ ’ਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਜ਼ਿਆਦਾਤਰ ਟੈਰਿਫ ਨੂੰ ਐਮਰਜੈਂਸੀ ਸ਼ਕਤੀਆਂ ਨਾਲ ਸਬੰਧਤ ਇਕ ਕਾਨੂੰਨ ਦੀ ਗ਼ੈਰਕਾਨੂੰਨੀ ਢੰਗ ਨਾਲ ਵਰਤੋਂ ਕਰਾਰ ਦਿੰਦਿਆਂ ਉਨ੍ਹਾਂ ’ਤੇ ਰੋਕ ਲਗਾਈ ਹੈ। ਆਨਲਾਈਨ ਦਾਖ਼ਲ ਕੀਤੀ ਗਈ ਅਰਜ਼ੀ ’ਚ ਸੁਪਰੀਮ ਕੋਰਟ ਨੂੰ ਫੌਰੀ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ।
ਅਮਰੀਕੀ ਸੰਸਦ ਮੈਂਬਰ ਗ੍ਰੈਗਰੀ ਮੀਕਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਲਗਾਏ ਗਏ ਪੱਖਪਾਤੀ ਟੈਰਿਫ਼ ਦੋਵੇਂ ਮੁਲਕਾਂ ਵਿਚਾਲੇ ਅਹਿਮ ਸਬੰਧਾਂ ਲਈ ਖ਼ਤਰਾ ਹਨ। ਪ੍ਰਤੀਨਿਧ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਮੀਕਸ ਨੇ ਅਮਰੀਕਾ ’ਚ ਭਾਰਤੀ ਸਫ਼ੀਰ ਵਿਨੈ ਮੋਹਨ ਕਵਾਤੜਾ ਨਾਲ ਮੁਲਾਕਾਤ ਮਗਰੋਂ ‘ਅਮਰੀਕਾ-ਭਾਰਤ ਭਾਈਵਾਲੀ ਲਈ ਕਾਂਗਰਸ ਦੀ ਹਮਾਇਤ’ ’ਤੇ ਜ਼ੋਰ ਦਿੱਤਾ। ਉਧਰ ਕਵਾਤੜਾ ਨੇ ਕਿਹਾ ਕਿ ਅਮਰੀਕਾ-ਭਾਰਤ ਸਬੰਧਾਂ ਲਈ ਉਨ੍ਹਾਂ ਦੀ ਲਗਾਤਾਰ ਸਲਾਹ ਅਤੇ ਹਮਾਇਤ ਲਈ ਉਹ ਸ਼ੁਕਰਗੁਜ਼ਾਰ ਹਨ।

LEAVE A REPLY

Please enter your comment!
Please enter your name here