ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਪਰ ਅਜੇ ਹਸਪਤਾਲ ’ਚ ਰਹਿਣਗੇ ਚੰਡੀਗੜ੍ਹ/ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਸਥਿਰ ਹੈ ਅਤੇ ਬੀਤੀ ਰਾਤ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਉਨ੍ਹਾਂ ਦੇ ਪਲਸ ਰੇਟ ਵਿੱਚ ਹੁਣ ਸੁਧਾਰ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਇਨਫੈਕਸ਼ਨ ਅਤੇ ਤੇਜ਼ ਬੁਖਾਰ ਹੋਣ ਕਾਰਨ ਸ੍ਰੀ ਮਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਥਕਾਵਟ ਅਤੇ ਦਿਲ ਦੀ ਧੜਕਣ ਬਾਰੇ ਵੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੀ ਖਰਾਬ ਸਿਹਤ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀਰਵਾਰ ਸ਼ਾਮ ਨੂੰ ਹੋਣ ਵਾਲੀ ਅਹਿਮ ਕੈਬਨਿਟ ਮੀਟਿੰਗ ਰੱਦ ਕਰਨੀ ਪਈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਮੁੱਖ ਮੰਤਰੀ ਭਗਵੰਤ ਦਾ ਹਾਲ ਜਾਣਨ ਲਈ ਪਹੁੰਚੇ। ਮੁੱਖ ਮੰਤਰੀ ਨੂੰ ਮਿਲਣ ਉਪਰੰਤ ਉਨ੍ਹਾਂ ਦੱਸਿਆ ਕਿ ਸ੍ਰੀ ਮਾਨ ਦੀ ਸਿਹਤ ਹੁਣ ਠੀਕ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਹੋਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਤੋਂ ਪੰਜਾਬ ਦੇ ਹੜ੍ਹਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਤੁਰੰਤ ਮਦਦ ਲਈ ਚਿੰਤਤ ਹਨ। ਦੋਵੇਂ ਮੰਤਰੀਆਂ ਨੇ ਇਸ ਮੌਕੇ ਕੇਂਦਰ ਵੱਲੋਂ ਹੜ੍ਹਾਂ ਦਾ ਕਾਰਨ ਨਾਜਾਇਜ਼ ਮਾਇਨਿੰਗ ਦੱਸੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੱਸੇ ਕਿ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਵੀ ਮਾਈਨਿੰਗ ਕਾਰਨ ਹੀ ਹੜ੍ਹ ਆਏ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਸਿਆਸਤ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਪੰਜਾਬ ਦੇ ਰੁਕੇ ਹੋਏ ਫੰਡ ਤੁਰੰਤ ਜਾਰੀ ਕਰਨੇ ਚਾਹੀਦੇ ਹਨ ਅਤੇ ਅਤੇ ਹੜ੍ਹ ਪੀੜਤ ਲੋਕਾਂ ਲਈ ਕੇਂਦਰ ਸਰਕਾਰ ਨੂੰ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ‘ਆਪ’ ਦੀ ਸਮੁੱਚੀ ਲੀਡਰਸ਼ਿਪ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ ਠੀਕ ਹੋਣ ਤੋਂ ਬਾਅਦ ਪੰਜਾਬ ਭਰ ਦੇ ਹੜ੍ਹ ਪੀੜਤਾਂ ਦੀਆਂ ਸੂਚੀਆਂ ਤਿਆਰ ਕਰਕੇ ਉਸ ਅਨੁਸਾਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਐਲਾਨਿਆ ਜਾਵੇਗਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਹਾਲ ਜਾਣਿਆ। ਫੋਰਟਿਸ ਹਸਪਤਾਲ ਵਿੱਚ ਮੁੱਖ ਮੰਤਰੀ ਨੂੰ ਮਿਲਣ ਮਗਰੋਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ ਅਤੇ ਲਗਾਤਾਰ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਬਾਰੇ ਹਸਪਤਾਲ ਦੇ ਅੰਦਰੋਂ ਵੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਪਰ ਅਜੇ ਹਸਪਤਾਲ ’ਚ ਰਹਿਣਗੇ ਚੰਡੀਗੜ੍ਹ/ਮੁਹਾਲੀ
Date: