ਦਿੱਲੀ ਦੇ ਸਾਬਕਾ ਮੰਤਰੀ ਦੀ 7.44 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਨਵੀਂ ਦਿੱਲੀ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ‘ਆਪ’ ਆਗੂ ਸਤੇਂਦਰ ਕੁਮਾਰ ਜੈਨ ਵਲੋਂ ਕਥਿਤ ਤੌਰ ’ਤੇ ਨਿਯੰਤਰਿਤ ਕੰਪਨੀਆਂ ਨਾਲ ਜੁੜੀਆਂ 7.44 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਹ ਕਾਰਵਾਈ 15 ਸਤੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ), 2002 ਤਹਿਤ ਕੀਤੀ ਗਈ ਹੈ। ਈਡੀ ਨੇ ਜੈਨ ’ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਫਰਵਰੀ 2015 ਤੋਂ ਮਈ 2017 ਦਰਮਿਆਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਹੈ। ਸੀਬੀਆਈ ਨੇ ਦਸੰਬਰ 2018 ਵਿੱਚ ਉਸ, ਉਸ ਦੀ ਪਤਨੀ ਪੂਨਮ ਜੈਨ ਅਤੇ ਹੋਰਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਨੇ ਮਾਰਚ 2022 ਵਿੱਚ ਪਹਿਲਾਂ ਇਸ ਕੇਸ ਵਿੱਚ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ ਅਤੇ ਇਸਤਗਾਸਾ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਦਾ ਬਾਅਦ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਨੋਟਿਸ ਲਿਆ ਸੀ।