ਲੁਧਿਆਣਾ ’ਚ ਲਵਾਰਿਸ ਲਿਫ਼ਾਫਾ ਬਣਿਆ ਪੁਲਿਸ ਤੇ ਲੋਕਾਂ ਲਈ ਮੁਸੀਬਤ
ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਬਸਤੀ ਜੋਧੇਵਾਲ ਵਿੱਚ ਇੱਕ ਨੀਲਾ ਲਿਫ਼ਾਫਾ ਮਿਲਣ ਤੋਂ ਬਾਅਦ ਪੁਲੀਸ ਤੇ ਲੋਕਾਂ ਵਿੱਚ ਹਫੜਾ ਦਫ਼ੜੀ ਦੇਖਣ ਨੂੰ ਮਿਲੀ। ਚਾਰ ਦਿਨ ਪਹਿਲਾਂ ਇੱਕ ਵਿਅਕਤੀ ਇਹ ਲਿਫ਼ਾਫਾ ਕਿਸੇ ਦੁਕਾਨਦਾਰ ਦੇ ਕੋਲ ਰੱਖ ਕੇ ਗਿਆ ਸੀ, ਜਿਸ ਨੂੰ ਜਦੋਂ ਹੁਣ ਦੁਕਾਨਦਾਰ ਨੇ ਖੋਲ੍ਹ ਕੇ ਦੇਖਿਆ ਤਾਂ ਉਸਦੇ ਹੋਸ਼ ਉਡ ਗਏ। ਲਿਫ਼ਾਫੇ ਵਿੱਚ ਪੈਟਰੋਲ ਦੀਆਂ ਬੋਤਲਾਂ, ਪੋਟਾਸ਼ ਤੇ ਇੱਕ ਪੁਰਾਣੀ ਘੜੀ ਸੀ ਜਿਸ ਨੂੰ ਦੇਖ ਦੁਕਾਨਦਾਰ ਨੂੰ ਲੱਗਿਆ ਕਿ ਇਹ ਟਾਈਮਰ ਬੰਬ ਹੈ। ਉਸ ਨੇ ਰੋਲਾ ਪਾ ਕੇ ਆਸਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਹਾਲਾਂਕਿ ਦੁਕਾਨਦਾਰਾਂ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਇਹ ਲਿਫ਼ਾਫ਼ਾ ਚੁੱਕ ਕੇ ਸੜਕ ਵਿਚਾਲੇ ਰੱਖ ਦਿੱਤਾ।
ਥਾਣਾ ਦਰੇਸੀ ਦੀ ਪੁਲੀਸ ਨੇ ਮੌਕੇ ਪਹੁੰਚ ਕੇ ਲਿਫ਼ਾਫ਼ੇ ਨੂੰ ਚੁੱਕ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਉਧਰ ਪੁਲੀਸ ਦਾ ਕਹਿਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ, ਬੰਬ ਵਰਗੀ ਇਹ ਕੋਈ ਚੀਜ਼ ਨਹੀਂ ਹੈ।
ਜ਼ਿਕਰਯੋਗ ਹੈ ਕਿ ਬਸਤੀ ਜੋਧੇਵਾਲ ਚੌਂਕ ਨਜ਼ਦੀਕ ਹਰਬੰਸ ਟਾਵਰ ਵਿੱਚ ਅਜੈ ਬੈਗ ਨਾਂ ਦੀ ਦੁਕਾਨ ’ਤੇ ਕਰੀਬ ਚਾਰ ਦਿਨ ਪਹਿਲਾਂ ਇੱਕ ਵਿਅਕਤੀ ਮੂੰਹ ਤੇ ਮਾਸਕ ਪਾ ਕੇ ਖਰੀਦਦਾਰੀ ਕਰਨ ਆਇਆ ਸੀ। ਉਸ ਨੇ ਅਟੈਚੀ ਪਸੰਦ ਕੀਤਾ ਤੇ 500 ਰੁਪਏ ਦੁਕਾਨਦਾਰ ਨੂੰ ਐਡਵਾਂਸ ਦੇ ਕੇ ਇੱਕ ਨੀਲਾ ਲਿਫ਼ਾਫ਼ਾ ਉਸ ਦੀ ਦੁਕਾਨ ’ਤੇ ਰੱਖ ਦਿੱਤਾ, ਅਤੇ ਮੁੜ ਵਾਪਸ ਨਹੀਂ ਆਇਆ।
ਨਿਤਿਨ ਬੱਤਰਾ ਨੇ ਦੱਸਿਆ ਕਿ ਇਸ ਲਿਫ਼ਾਫੇ ਵਿੱਚ ਪੈਟਰੋਲ, ਮਾਚਿਸ ਦੀ ਡਿੱਬੀ, ਪੋਟਾਸ਼ ਤੇ ਇੱਕ ਪੁਰਾਣਾ ਟਾਈਮ ਪੀਸ (ਦੀਵਾਰ ਘੜੀ) ਸੀ, ਜਿਸ ਨੂੰ ਦੇਖ ਕੇ ਦੁਕਾਨਦਾਰਾਂ ਵਿੱਚ ਭਾਜੜਾਂ ਪੈ ਗਈਆਂ ਸਨ।
ਦੁਕਾਨਦਾਰਾਂ ਤੇ ਲੋਕਾਂ ਨੇ ਦੋਸ਼ ਲਗਾਏ ਕਿ ਇਸ ਲਿਫ਼ਾਫੇ ਵਿੱਚ 8 ਤੋਂ 10 ਪੈਕੇਟ ਪੈਟਰੋਲ ਸੀ, ਕੁੱਝ ਤਾਰਾਂ ਸਨ, ਜਿਸ ਤੋਂ ਲਗਦਾ ਹੈ ਕਿ ਇਹ ਵਿਅਕਤੀ ਕੁੱਝ ਵੱਡਾ ਕਰਨ ਦੇ ਲਈ ਆਇਆ ਸੀ। ਉਧਰ ਥਾਣਾ ਦਰੇਸੀ ਦੇ ਐਸਐਸਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੋ ਸਕਦਾ ਹੈ ਜੋ ਦਹਿਸ਼ਤ ਫਲਾਉਣਾ ਚਾਹੁੰਦਾ ਸੀ। ਇਸ ਵਿੱਚ ਬੰਬ ਜਾਂ ਫਿਰ ਵਿਸਫੋਟਕ ਸਮਾਨ ਵਰਗਾ ਕੁੱਝ ਨਹੀਂ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।