ਜੈਸ਼ ਤੇ ਹਿਜ਼ਬੁਲ ਮਗਰੋਂ ਲਸ਼ਕਰ-ਏ-ਤਾਇਬਾ ਨੇ ਵੀ ਪਖ਼ਤੂਨਖ਼ਵਾ ’ਚ ਬਣਾਏ ਕੈਂਪ
ਨਵੀਂ ਦਿੱਲੀ : ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹੀਦੀਨ ਵੱਲੋਂ ਆਪਣੇ ਅਤਿਵਾਦੀ ਸਿਖਲਾਈ ਕੈਂਪ ਅਤੇ ਰਿਹਾਇਸ਼ੀ ਕੇਂਦਰ ਮਕਬੂਜ਼ਾ ਕਸ਼ਮੀਰ ਤੋਂ ਖ਼ੈਬਰ ਪਖ਼ਤੂਨਖ਼ਵਾ ਤਬਦੀਲ ਕਰਨ ਤੋਂ ਇੱਕ ਹਫ਼ਤੇ ਬਾਅਦ ਪਾਕਿਸਤਾਨ ਦੇ ਸਭ ਤੋਂ ਵੱਡੇ ਤੇ ਸੰਯੁਕਤ ਰਾਸ਼ਟਰ-ਨਾਮਜ਼ਦ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਵੀ ਆਪਣੇ ਕੈਂਪ ਖੈਬਰ ਪਖ਼ਤੂਨਖ਼ਵਾ ਨੇੜੇ ਸਥਾਪਤ ਕਰ ਲਏ ਹਨ।
ਖੁਫ਼ੀਆ ਸੂਤਰਾਂ ਮੁਤਾਬਕ ‘ਅਪਰੇਸ਼ਨ ਸਿੰਧੂਰ’ ਮਗਰੋਂ ਭਵਿੱਖ ਵਿੱਚ ਭਾਰਤੀ ਹਮਲਿਆਂ ਤੋਂ ਬਚਣ ਲਈ ਅਤਿਵਾਦੀ ਸੰਗਠਨਾਂ ਨੇ ਆਪਣੇ ਟਿਕਾਣੇ ਬਦਲਣ ਨੂੰ ਤਰਜੀਹ ਦਿੱਤੀ ਹੈ।
ਖੁਫੀਆ ਏਜੰਸੀਆਂ ਨੇ 22 ਸਤੰਬਰ ਦੀਆਂ ਵੀਡੀਓ ਅਤੇ ਤਸਵੀਰਾਂ ਹਾਸਲ ਕੀਤੀਆਂ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਲਸ਼ਕਰ-ਏ-ਤਾਇਬਾ ਅਫਗਾਨ ਸਰਹੱਦ ਤੋਂ ਲਗਭਗ 47 ਕਿਲੋਮੀਟਰ ਦੂਰ ਲੋਅਰ ਦੀਰ ਜ਼ਿਲ੍ਹੇ ਦੇ ਕੁੰਬਨ ਮੈਦਾਨ ਖੇਤਰ ਵਿੱਚ ਇੱਕ ਨਵਾਂ ਅਤਿਵਾਦੀ ਸਿਖਲਾਈ ਅਤੇ ਰਿਹਾਇਸ਼ੀ ਕੇਂਦਰ, ਮਰਕਜ਼ ਜਿਹਾਦ-ਏ-ਅਕਸਾ ਬਣਾ ਰਿਹਾ ਹੈ।
ਖੁਫੀਆ ਸੂਤਰਾਂ ਨੇ ਕਿਹਾ ਕਿ ਇਹ ਕੈਂਪ ਲਸ਼ਕਰ-ਏ-ਤਾਇਬਾ ਦੀ ਹਾਲ ਹੀ ਵਿੱਚ ਬਣੀ ਜਾਮੀਆ ਅਹਿਲੇ ਸੁੰਨਾਹ ਮਸਜਿਦ ਦੇ ਨਾਲ ਲੱਗਦੀ ਲਗਭਗ 4,643 ਵਰਗ ਫੁੱਟ ਖਾਲੀ ਜ਼ਮੀਨ ’ਤੇ ਹੈ, ਜੋ ਕਿ ਜਾਂਚ ਤੋਂ ਬਚਣ ਲਈ ਧਾਰਮਿਕ ਸੰਸਥਾਵਾਂ ਦੀ ਆੜ ਹੇਠ ਸਿਖਲਾਈ ਬੁਨਿਆਦੀ ਢਾਂਚੇ ਨੂੰ ਚਲਾਉਣ ਦੇ ਲਸ਼ਕਰ-ਏ-ਤਾਇਬਾ ਦੇ ਇਤਿਹਾਸਕ ਅਭਿਆਸ ਨੂੰ ਦਰਸਾਉਂਦੀ ਹੈ।
ਖੁਫੀਆ ਸੂਤਰਾਂ ਨੇ ਦੱਸਿਆ ਕਿ ਲਸ਼ਕਰ-ਏ-ਤਾਇਬਾ ਦੇ ਨਵੇਂ ਬਣੇ ਅਤੇ ਮੌਜੂਦਾ ਧਾਰਮਿਕ ਮਦਰੱਸੇ ਮਰਕਜ਼ ਜਾਮੀਆ ਅਹਿਲੇ ਸੁੰਨਾਹ ਦੇ ਨੇੜੇ ਕੈਂਪ ਦੀ ਸਥਾਪਨਾ ਜਾਣ-ਬੁੱਝ ਕੇ ਕੀਤੀ ਗਈ ਜਾਪਦੀ ਹੈ, ਜੋ ਧਾਰਮਿਕ ਗਤੀਵਿਧੀਆਂ ਦੀ ਆੜ ਵਿੱਚ ਭਰਤੀ, ਲੌਜਿਸਟਿਕਲ ਮਦਦ ਅਤੇ ਅਤਿਵਾਦੀ ਲਹਿਰ ਨੂੰ ਲੁਕਾਉਣ ਲਈ ਕਵਰ ਮੁਹੱਈਆ ਕਰਦੀ ਹੈ।