ਅਮਰੀਕਾ ਨੇ 73 ਸਾਲਾ ਬੀਬੀ ਨੂੰ 33 ਸਾਲਾਂ ਬਾਅਦ ਡਿਪੋਰਟ ਕੀਤਾ
ਫਰਾਂਸਿਸਕੋ : ਅਮਰੀਕਾ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਇੱਕ 73 ਸਾਲਾ ‘ਗੈਰ-ਦਸਤਾਵੇਜ਼ੀ’ ਸਿੱਖ ਬੀਬੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਦਿੱਤੇ ਬਿਨਾਂ ਹਿਰਾਸਤ ਵਿੱਚ ਲੈਣ ਮਗਰੋਂ ਭਾਰਤ ਭੇਜ ਦਿੱਤਾ। ਹਰਜੀਤ ਕੌਰ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਨਿਯਮਤ ਜਾਂਚ ਲਈ ਸੱਦਣ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਕਾਰਨ ਬੀਬੀ ਦੇ ਪਰਿਵਾਰ ਅਤੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ।
ਇੱਕ ਗੈਰ-ਮੁਨਾਫ਼ਾ ਨਿਊਜ਼ ਪੋਰਟਲ, ਬਰਕਲੇਸਾਈਡ ਦੀ ਇੱਕ ਰਿਪੋਰਟ ਵਿੱਚ ਪਹਿਲਾਂ ਕਿਹਾ ਗਿਆ ਸੀ ਕਿ ਹਰਜੀਤ ਕੌਰ 33 ਸਾਲਾਂ ਤੋਂ ਉੱਤਰੀ ਕੈਲੀਫੋਰਨੀਆ ਦੇ ਈਸਟ ਬੇਅ ਵਿੱਚ ਰਹਿੰਦੀ ਹੈ। ਉਸ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (935) ਦੇ ਅਧਿਕਾਰੀਆਂ ਨੇ ਇੱਕ ਰੁਟੀਨ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਸੀ। ਉਸ ਦੇ ਪਰਿਵਾਰ ਨੇ ਸਿੱਖ ਭਾਈਚਾਰੇ ਦੇ ਸੈਂਕੜੇ ਮੈਂਬਰਾਂ ਨਾਲ ਮਿਲ ਕੇ ਹਰਜੀਤ ਕੌਰ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ, ਜਿਸ ਨੂੰ 935 ਅਧਿਕਾਰੀਆਂ ਨੇ ਵਾਧੂ ਕਾਗਜ਼ਾਤ ਲਈ ਸਾਂ ਫਰਾਂਸਿਸਕੋ ਦੇ ਦਫ਼ਤਰ ਸੱਦਣ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਆਹਲੂਵਾਲੀਆ ਨੇ ਕਿਹਾ ਕਿ ਹਰਜੀਤ ਕੌਰ ਨੂੰ ਫਿਰ ਬੇਕਰਸਫੀਲਡ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਰਜੀਤ ਕੌਰ ਨੂੰ ਬੇਕਰਸਫੀਲਡ ਤੋਂ ਲਾਸ ਏਂਜਲਸ ਲਿਜਾਇਆ ਗਿਆ, ਜਿੱਥੇ ਉਸ ਨੂੰ ਜਾਰਜੀਆ ਅਤੇ ਫਿਰ ਨਵੀਂ ਦਿੱਲੀ ਲਈ ਇੱਕ ਫਲਾਈਟ ਵਿੱਚ ਰੱਖਿਆ ਗਿਆ।ਵ ਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਹਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਨੂੰ ਵਾਪਸ ਭੇਜਣ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਅੰਤਿਮ ਅਲਵਿਦਾ ਕਹਿਣ ਦਾ ਮੌਕਾ ਦਿੱਤਾ ਜਾਵੇ ਪਰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਉਨ੍ਹਾਂ ਦੇ ਵਕੀਲ ਆਹਲੂਵਾਲੀਆ ਨੇ ਕਿਹਾ, ‘‘ਸ਼ੁਕਰ ਹੈ, ਉਨ੍ਹਾਂ ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ ਸੀ, ਜਿਵੇਂ ਕਿ ਪਹਿਲਾਂ ਡਿਪੋਰਟ ਕੀਤੇ ਨਾਗਰਿਕਾਂ ਨਾਲ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਹੱਥਕੜੀ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਸਾਥੀ ਨੇ ਉਸ ਨੂੰ ਉਮਰ ਦਾ ਲਿਹਾਜ਼ ਕਰਦਿਆਂ ਅਜਿਹਾ ਕਰਨ ਤੋਂ ਰੋਕਿਆ।’’ ਖ਼ਬਰ ਮੁਤਾਬਿਕ ਮੁਤਾਬਕ ਹਰਜੀਤ ਕੌਰ ਕਥਿਤ ਤੌਰ ’ਤੇ ਗੈਰ-ਦਸਤਾਵੇਜ਼ੀ ਸੀ।
ਹਰਜੀਤ ਕੌਰ ਦੀ ਹਿਰਾਸਤ ਤੋਂ ਬਾਅਦ ਕੈਲੀਫੋਰਨੀਆ ਵਿੱਚ ਵਿਰੋਧ ਪ੍ਰਦਰਸ਼ਨ ਹੋਏ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ’ਤੇ ‘ਸਾਡੀ ਦਾਦੀ ਨੂੰ ਰਿਹਾਅ ਕਰੋ’ ਅਤੇ ‘ਦਾਦੀ ਨੂੰ ਘਰ ਲਿਆਓ’ ਲਿਖ ਕੇ ਉਸ ਦੀ ਰਿਹਾਈ ਦੀ ਮੰਗ ਕੀਤੀ।