ਐਸ.ਜੀ.ਪੀ.ਸੀ. ਨੇ ਯੂਕੇ ’ਚ ਪਹਿਲਾ ਕੋਆਰਡੀਨੇਸ਼ਨ ਦਫ਼ਤਰ ਖੋਲ੍ਹਿਆ

0
248

ਐਸ.ਜੀ.ਪੀ.ਸੀ. ਨੇ ਯੂਕੇ ’ਚ ਪਹਿਲਾ ਕੋਆਰਡੀਨੇਸ਼ਨ ਦਫ਼ਤਰ ਖੋਲ੍ਹਿਆ
ਬਰੈਂਪਟਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਅਤੇ ਯੂਰਪ ਵਿੱਚ ਵੱਡੀ ਗਿਣਤੀ ਵਿੱਚ ਵਸੇ ਸਿੱਖਾਂ ਦੀਆਂ ਧਾਰਮਿਕ ਲੋੜਾਂ ਪੂਰੀਆਂ ਕਰਨ ਲਈ ਗ੍ਰੇਟ ਬ੍ਰਿਟੇਨ ਸਿਟੀ ਬਰਮਿੰਘਮ ਵਿੱਚ ਕੋਆਰਡੀਨੇਸ਼ਨ ਦਫਤਰ ਖੋਲ੍ਹਿਆ ਹੈ।
ਦਫ਼ਤਰ ਦਾ ਉਦਘਾਟਨ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਕਾਰਜਕਾਰੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਰਾਜਿੰਦਰ ਸਿੰਘ ਮਹਿਤਾ, ਮੈਂਬਰ ਜੋਧਸਿੰਘ, ਨਿੱਜੀ ਸਹਾਇਕ ਸ਼ਾਹਬਾਜ ਸਿੰਘ ਅਤੇ ਬੀਬੀ ਪਰਮਜੀਤ ਕੌਰ ਪਿੰਕੀ ਨੇ ਕੀਤਾ।
ਉਨ੍ਹਾਂ ਦੇ ਯਤਨਾਂ ਸਦਕਾ ਅੱਜ ਯੂਕੇ ਵਿਚ ਇਹ ਕਾਰਜ ਨੇਪਰੇ ਚੜਿ੍ਹਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਅਮਰੀਕਾ ਤੇ ਕੈਨੇਡਾ ਵਿਚ ਵੀ ਦਫ਼ਤਰ ਸਥਾਪਤ ਕੀਤੇ ਜਾਣਗੇੇ ਜਿਨ੍ਹਾਂ ਬਾਰੇ ਬੀਬੀ ਹਰਜਿੰਦਰ ਕੌਰ ਨੇ ਇੱਥੇ ਦੀਆਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਹੇਠ ਰੂਪ-ਰੇਖਾ ਤਿਆਰ ਕਰ ਲਈ ਹੈ।
ਯੂਕੇ ਦਫਤਰ ਦੇ ਉਦਘਾਟਨ ਮੌਕੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਅਕਾਲ ਤਖਤ ਦੇ ਕੇਂਦਰੀ ਦਫਤਰ ਨਾਲ ਜੋੜੀ ਰੱਖਣ ਲਈ ਪ੍ਰਦੇਸਾਂ ਵਿਚ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਦਫ਼ਤਰਾਂ ਦੀ ਲੋੜ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ। ਉਦਘਾਟਨ ਸਮਾਗਮ ਵਿਚ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਹਾਇਕ ਸ਼ਾਹਬਾਜ ਸਿੰਘ, ਜੋਧ ਸਿੰਘ, ਬੀਬੀ ਹਰਜਿੰਦਰ ਕੌਰ, ਬੀਬੀ ਪਰਮਜੀਤ ਕੌਰ ਪਿੰਕੀ ਆਦਿ ਨੇ ਕਿਹਾ ਕਿ ਬਾਹਰਲੇ ਸਿੱਖ ਸ਼੍ਰੋਮਣੀ ਕਮੇਟੀ ਦੇ ਕੇਂਦਰੀ ਦਫ਼ਤਰ ਅਤੇ ਅਕਾਲ ਤਖ਼ਤ ਨਾਲ ਇਸ ਦਫ਼ਤਰ ਰਾਹੀਂ ਸਿੱਧੇ ਸੰਪਰਕ ਵਿਚ ਰਹਿ ਸਕਣਗੇ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀਡੀਓ ਸੰਦੇਸ਼ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੂਰ ਬੈਠੇ ਸਿੱਖਾਂ ਨੂੰ ਕੇਂਦਰੀ ਦਫ਼ਤਰਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਯੂਕੇ ਸੰਗਤ ਵਿਚ ਭਾਈ ਮਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਾ ਸੁਸਾਇਟੀ ਯੂਕੇ, ਭਾਈ ਤਲਵਿੰਦਰ ਸਿੰਘ, ਗੁਲਿੰਦਰ ਸਿੰਘ, ਗੁਰਸੇਵਕ ਸਿੰਘ ਸ਼ੇਰਗਿੱਲ, ਕਰਨਜੀਤ ਸਿੰਘ ਖਾਲਸਾ, ਹਰਮੀਤ ਸਿੰਘ ਸਲੂਜਾ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਇਸ ਇਤਿਹਾਸਕਾਰ ਕਦਮ ਦੀ ਭਰਪੂਰ ਸ਼ਲਾਘਾ ਕੀਤੀ। ਵੀਡੀਓ ਸੁਨੇਹੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਯੂਰਪ ਦੀਆਂ ਸਿੱਖ ਸੰਗਤਾਂ ਨੂੰ ਯੂਕੇ ਵਿਚ ਦਫ਼ਤਰ ਖੁੱਲ੍ਹਣ ’ਤੇ ਵਧਾਈ ਦਿੱਤੀ। ਸਟੇਜ ਸੰਚਾਲਨ ਅਤੇ ਆਏ ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਬੀਬੀ ਹਰਜਿੰਦਰ ਕੌਰ ਨੇ ਕੀਤਾ।

LEAVE A REPLY

Please enter your comment!
Please enter your name here