ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ’ਤੇ 100 ਫੀਸਦੀ ਲੱਗੇਗਾ ਟੈਕਸ
ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦੇਸ਼ ਤੋਂ ਬਾਹਰ ਬਣੀਆਂ ਫਿਲਮਾਂ ’ਤੇ 100 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਭਾਰਤੀ ਫਿਲਮ ਉਦਯੋਗ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਕਿ ਅਮਰੀਕਾ ਦੇ ਫਿਲਮ ਨਿਰਮਾਣ ਕਾਰੋਬਾਰ ਨੂੰ ਦੂਜੇ ਦੇਸ਼ਾਂ ਵਲੋਂ ਚੋਰੀ ਕੀਤਾ ਗਿਆ ਹੈ ਜਿਸ ਕਾਰਨ ਕੈਲੀਫੋਰਨੀਆ ਖਾਸ ਤੌਰ ’ਤੇ ਪ੍ਰਭਾਵਿਤ ਹੋਇਆ ਹੈ। ਇਸ ਲੰਬੇ ਸਮੇਂ ਦੀ ਤੇ ਕਦੇ ਨਾ ਖਤਮ ਹੋਣ ਵਾਲੀ ਸਮੱਸਿਆ ਨੂੰ ਹੱਲ ਕਰਨ ਲਈ ਉਹ ਸੰਯੁਕਤ ਰਾਜ ਤੋਂ ਬਾਹਰ ਬਣੀਆਂ ਸਾਰੀਆਂ ਫਿਲਮਾਂ ’ਤੇ 100 ਫੀਸਦੀ ਟੈਕਸ ਲਾਉਣਗੇ। ਇਸ ਫੈਸਲੇ ਕਾਰਨ ਭਾਰਤੀ ਫਿਲਮ ਉਦਯੋਗ ’ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਕਿਉਂਕਿ ਅਮਰੀਕਾ ਵਿੱਚ ਵੱਡੀ ਗਿਣਤੀ ਭਾਰਤੀ ਵਸਦੇ ਹਨ ਤੇ ਅਮਰੀਕਾ ਭਾਰਤੀ ਫਿਲਮਾਂ ਲਈ ਮੋਹਰੀ ਬਾਜ਼ਾਰਾਂ ਵਿੱਚੋਂ ਇੱਕ ਹੈ। ਭਾਰਤ ਕਈ ਭਾਸ਼ਾਵਾਂ ਵਿੱਚ ਫਿਲਮਾਂ ਬਣਾਉਂਦਾ ਹੈ। 2017 ਦੀ ਫੋਰਬਸ ਰਿਪੋਰਟ ਅਨੁਸਾਰ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਕਈ ਥਾਵਾਂ ’ਤੇ ਵੱਡਾ ਕਾਰੋਬਾਰ ਕਰ ਰਹੀਆਂ ਹਨ।