ਫਿਲਪੀਨ ’ਚ ਜ਼ਬਰਦਸਤ ਭੂਚਾਲ, 69 ਮੌਤਾਂ ਮਨੀਲਾ

0
253

ਫਿਲਪੀਨ ’ਚ ਜ਼ਬਰਦਸਤ ਭੂਚਾਲ, 69 ਮੌਤਾਂ ਮਨੀਲਾ :ਮੰਗਲਵਾਰ ਦੇਰ ਰਾਤ ਆਏ 6.9 ਸ਼ਿੱਦਤ ਦੇ ਇੱਕ ਸਮੁੰਦਰੀ ਭੂਚਾਲ ਨੇ ਕੇਂਦਰੀ ਫਿਲਪੀਨ ਸੂਬੇ ਵਿੱਚ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ ਢਾਹ ਦਿੱਤੀਆਂ। ਰਾਈਟਰਜ਼ ਦੀ ਰਿਪੋਰਟ ਅਨੁਸਾਰ ਘੱਟੋ-ਘੱਟ 69 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਝਟਕਿਆਂ ਕਾਰਨ ਬਿਜਲੀ ਗੁੱਲ ਹੋਣ ’ਤੇ ਵਸਨੀਕ ਹਨੇਰੇ ਵਿੱਚ ਆਪਣੇ ਘਰਾਂ ਵਿੱਚੋਂ ਬਾਹਰ ਭੱਜ ਦੌੜ ਲੱਗੇ। ਆਫ਼ਤ ਪ੍ਰਬੰਧਨ ਅਧਿਕਾਰੀ ਰੈਕਸ ਯਗੋਟ ਨੇ ਐਸੋਸੀਏਟਿਡ ਪ੍ਰੈਸ ਨੂੰ ਟੈਲੀਫੋਨ ’ਤੇ ਦੱਸਿਆ ਕਿ ਭੂਚਾਲ ਦਾ ਕੇਂਦਰ ਲਗਪਗ 90,000 ਲੋਕਾਂ ਦੇ ਤੱਟਵਰਤੀ ਸ਼ਹਿਰ ਬੋਗੋ ਦੇ ਉੱਤਰ-ਪੂਰਬ ਵਿੱਚ 19 ਕਿਲੋਮੀਟਰ ਦੂਰ ਸੀ, ਜੋ ਸੇਬੂ ਸੂਬੇ ਵਿੱਚ ਸਥਿਤ ਹੈ। ਇੱਥੇ ਘੱਟੋ-ਘੱਟ 14 ਵਸਨੀਕਾਂ ਦੀ ਮੌਤ ਹੋ ਗਈ ਹੈ। ਇਹ ਭੂਚਾਲ ਸਥਾਨਕ ਫਾਲਟ ਵਿੱਚ 5 ਕਿਲੋਮੀਟਰ ਦੀ ਡੂੰਘਾਈ ’ਤੇ ਹਰਕਤ ਕਾਰਨ ਸ਼ੁਰੂ ਹੋਇਆ ਸੀ। ਬੋਗੋ ਵਿੱਚ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਰਕਰ ਇੱਕ ਪਹਾੜੀ ਪਿੰਡ ਵਿੱਚ ਝੌਂਪੜੀਆਂ ਦੇ ਸਮੂਹ ਵਿੱਚ ਤਲਾਸ਼ੀ ਅਤੇ ਬਚਾਅ ਯਤਨਾਂ ਨੂੰ ਤੇਜ਼ ਕਰਨ ਲਈ ਇੱਕ ਬੈਕਹੋ (ਮਿੱਟੀ ਪੁੱਟਣ ਵਾਲੀ ਮਸ਼ੀਨ) ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿੱਥੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਨੁਕਸਾਨ ਹੋਇਆ ਹੈ। ਮੇਡਲਿਨ ਕਸਬੇ ਦੀ ਆਫ਼ਤ ਪ੍ਰਬੰਧਨ ਵਿਭਾਗ ਦੀ ਮੁਖੀ ਜੇਮਾ ਵਿਲਾਮੋਰ ਨੇ ਏਪੀ ਨੂੰ ਦੱਸਿਆ ਕਿ ਘੱਟੋ-ਘੱਟ 12 ਵਸਨੀਕ ਸੌਂਦੇ ਸਮੇਂ ਆਪਣੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗਣ ਕਾਰਨ ਮਾਰੇ ਗਏ।

LEAVE A REPLY

Please enter your comment!
Please enter your name here