ਅਡਾਨੀ ਨੂੰ ਪਛਾੜ ਕੇ ਅੰਬਾਨੀ ਮੁੜ ਬਣੇ ਸਭ ਤੋਂ ਅਮੀਰ ਭਾਰਤੀ
ਮੁੰਬਈ, ਆਮਦਨ ਵਿੱਚ 6 ਫੀਸਦ ਕਮੀ ਆਉਣ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੇ 2025 ਵਿੱਚ ਆਪਣੇ ਪ੍ਰਤੀਯੋਗੀ ਗੌਤਮ ਅਡਾਨੀ ਨੂੰ ਪਛਾੜ ਕੇ ਮੁੜ ਸਭ ਤੋਂ ਅਮੀਰ ਭਾਰਤੀ ਹੋਣ ਦਾ ਖ਼?ਤਾਬ ਹਾਸਲ ਕਰ ਲਿਆ ਹੈ। ਇਹ ਖੁਲਾਸਾ ਅੱਜ ਪ੍ਰਕਾਸ਼ਿਤ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਹੋਇਆ।
ਐੱਮ 3 ਐੱਮ ਹੁਰੂਨ ਇੰਡੀਆ ਰਿਚ ਲਿਸਟ 2025 ਮੁਤਾਬਕ, 68 ਸਾਲਾ ਅੰਬਾਨੀ ਦੀ ਪੂੰਜੀ 6 ਫੀਸਦ ਘੱਟ ਕੇ 9.55 ਲੱਖ ਕਰੋੜ ਰੁਪਏ ਹੋ ਗਈ ਹੈ ਜੋ ਕਿ ਅਜੇ ਵੀ ਅਡਾਨੀ ਦੀ 8.14 ਲੱਖ ਕਰੋੜ ਰੁਪਏ ਦੀ ਪੂੰਜੀ ਨਾਲੋਂ ਵੱਧ ਹੈ। ਅਡਾਨੀ ਜਿਨ੍ਹਾਂ ਦੀ ਆਮਦਨ ਵਿੱਚ ਸ਼ਾਰਟਸੈਲਰ ਹਿੰਡਨਬਰਗ ਕਾਰਨ ਹੋਏ ਨੁਕਸਾਨ ਨੂੰ ਉਨ੍ਹਾਂ ਦੇ ਸਮੂਹ ਦੇ ਸ਼ੇਅਰਾਂ ਨੇ ਪੂਰਾ ਕਰ ਲਿਆ ਸੀ, ਨੇ ਪਿਛਲੇ ਸਾਲ 95 ਫੀਸਦ ਦਾ ਵਾਧਾ ਦਰਜ ਕੀਤਾ ਸੀ ਅਤੇ 11.6 ਲੱਖ ਕਰੋੜ ਰੁਪਏ ਦੀ ਪੂੰਜੀ ਨਾਲ ਅੰਬਾਨੀ ਨੂੰ ਪਛਾੜ ਕੇ ਉਹ ਸਭ ਤੋਂ ਅਮੀਰ ਭਾਰਤੀ ਬਣ ਗਏ ਸਨ।
ਐੱਚ ਸੀ ਐੱਲ ਦੀ ਰੋਸ਼ਨੀ ਨਾਦਰ ਮਲਹੋਤਰਾ 2.84 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਪਹਿਲੀ ਵਾਰ ਚੋਟੀ ਦੇ ਤਿੰਨ ਪੂੰਜੀਪਤੀਆਂ ਵਿੱਚ ਸ਼ਾਮਲ ਹੋਈ ਹੈ, ਜਿਸ ਨਾਲ ਉਨ੍ਹਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਾਇਰਸ ਪੂਨਾਵਾਲਾ ਅਤੇ ਪਰਿਵਾਰ ਨੇ 2.46 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਸੰਪਤੀ ਨਾਲ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੈ ਜਦੋਂ ਕਿ ਕੁਮਾਰ ਮੰਗਲਮ ਬਿਰਲਾ 2.32 ਲੱਖ ਕਰੋੜ ਰੁਪਏ ਦੀ ਪੂੰਜੀ ਨਾਲ ਪੰਜਵੇਂ ਸਥਾਨ ’ਤੇ ਰਹੇ। ਬਿਰਲਾ ਦੀ ਕਮਾਈ ਨੂੰ ਇਕ ਫੀਸਦ ਦਾ ਨੁਕਸਾਨ ਹੋਇਆ ਹੈ।