ਅਮਰੀਕੀ ਕੰਪਨੀ ਵੱਲੋਂ ਤੇਜਸ ਮਾਰਕ 1ਏ ਜੈੱਟ ਲਈ ਚੌਥਾ ਇੰਜਣ ਸਪਲਾਈ
ਪੈਟਾਗਨ : ਅਮਰੀਕਾ ਦੀ ਇੰਜਣ ਨਿਰਮਾਤਾ ਜਨਰਲ ਇਲੈਕਟ੍ਰਿਕ ਅਨੁਸਾਰ ਉਸ ਨੇ ਉਤਪਾਦਨ ਅਧੀਨ ਤੇਜਸ ਮਾਰਕ 1ਏ ਜੰਗੀ ਜਹਾਜ਼ ਲਈ ਚੌਥਾ ਇੰਜਣ ਸਪਲਾਈ ਕਰ ਦਿੱਤਾ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਵਿੱਚ ਇਸ ਆਧੁਨਿਕ ਜੰਗੀ ਜਹਾਜ਼ ਦੇ ਛੇਤੀ ਸ਼ਾਮਲ ਹੋਣ ਦੀਆਂ ਆਸਾਂ ਵਧ ਗਈਆਂ ਹਨ। ਭਾਰਤੀ ਹਵਾਈ ਫੌਜ ਵਿੱਚ ਜਹਾਜ਼ ਬਣਾਉਣ ਵਾਲੀ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ (ਐੱਚ ਏ ਐੱਲ) ਨੂੰ ਤੇਜਸ ਮਾਰਕ-1ਏ ਲਈ ਜਨਰਲ ਇਲੈਕਟ੍ਰਿਕ (ਜੀ ਈ) ਦੇ ਐੱਫ-404 ਇੰਜਣਾਂ ਦੀ ਸਪਲਾਈ ਵਿੱਚ ਦੇਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਮਝੌਤੇ ਮੁਤਾਬਕ ਭਾਰਤੀ ਹਵਾਈ ਫੌਜ ਨੂੰ ਡਿਲਿਵਰੀ ਮਾਰਚ 2024 ਵਿੱਚ ਸ਼ੁਰੂ ਹੋ ਜਾਣੀ ਚਾਹੀਦੀ ਸੀ, ਜਦੋਂ ਕਿ ਜੀ ਈ ਤੋਂ ਐੱਫ-404 ਇੰਜਣਾਂ ਦੀ ਸਪਲਾਈ ਉਸ ਤਰੀਕ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ। ਰੱਖਿਆ ਮੰਤਰਾਲੇ ਨੇ ਜਨਵਰੀ 2021 ਵਿੱਚ 83 ਤੇਜਸ ਮਾਰਕ 1ਏ ਜੈੱਟ ਬਣਾਉਣ ਲਈ ਐੱਚ ਏ ਐੱਲ ਨਾਲ 48,000 ਕਰੋੜ ਰੁਪਏ ਦਾ ਸਮਝੌਤਾ ਸਹੀਬੱਧ ਕੀਤਾ ਸੀ। ਬਦਲੇ ਵਿੱਚ, ਜੀ ਈ ਨੇ ਤੇਜਸ ਮਾਰਕ 1ਏ ਜੰਗੀ ਜਹਾਜ਼ਾਂ ਲਈ 99 ਐੱਫ404 ਇੰਜਣਾਂ ਦੀ ਸਪਲਾਈ ਵਾਸਤੇ ਐੱਚ ਏ ਐੱਲ ਨਾਲ 71.6 ਕਰੋੜ ਡਾਲਰ ਦਾ ਸਮਝੌਤਾ ਸਹੀਬੱਧ ਕੀਤਾ। ਤੇਜਸ ਪ੍ਰੋਗਰਾਮ ਭਾਰਤੀ ਹਵਾਈ ਫੌਜ ਵਿੱਚ ਮਿਗ-21 ਬੇੜੇ ਦੀ ਥਾਂ ਲਵੇਗਾ। ਇਸ ਤੋਂ ਇਲਾਵਾ, ਭਾਰਤੀ ਹਵਾਈ ਫੌਜ ਕੋਲ ਪਹਿਲਾਂ ਹੀ 40 ਤੇਜਸ ਮਾਰਕ-1 ਜੰਗੀ ਜਹਾਜ਼ ਹਨ।