ਜ਼ੂਬਿਨ ਗਰਗ ਦੀ ਮੌਤ ਜ਼ਹਿਰ ਨਾਲ ਹੋਈ, ਹੋਇਆ ਖੁਲਾਸਾ
ਗੁਹਾਟੀ : ਗਾਇਕ ਜ਼ੂਬਿਨ ਗਰਗ ਦੇ ਸਾਥੀ ਗਾਇਕ ਨੇ ਦਾਅਵਾ ਕੀਤਾ ਹੈ ਕਿ ਜ਼ੂਬਿਨ ਨੂੰ ਉਸ ਦੇ ਮੈਨੇਜਰ ਤੇ ਮੇਲਾ ਪ੍ਰਬੰਧਕ ਨੇ ਜ਼ਹਿਰ ਦਿੱਤਾ ਹੈ। ਜ਼ੂਬਿਨ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਉਸ ਦੇ ਬੈਂਡਮੇਟ ਸ਼ੇਖਰ ਜੋਤੀ ਗੋਸਵਾਮੀ ਨੇ ਆਪਣੇ ਬਿਆਨ ਵਿਚ ਇਹ ਖੁਲਾਸਾ ਕੀਤਾ। ਉਸ ਨੇ ਦੋਸ਼ ਲਾਇਆ ਕਿ ਜ਼ੂਬਿਨ ਦੇ ਮੈਨੇਜਰ ਤੇ ਮੇਲਾ ਪ੍ਰਬੰਧਕ ਨੇ ਹੱਤਿਆ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ੂਬਿਨ ਗਰਗ ਦੀ ਮੌਤ ਵੇਲੇ ਸ਼ੇਖਰ ਸਿੰਗਾਪੁਰ ਵਿਚ ਹੀ ਮੌਜੂਦ ਸੀ। ਉਸ ਨੇ ਦੱਸਿਆ ਕਿ ਉਹ ਹੋਟਲ ਵਿਚ ਜ਼ੂਬਿਨ ਦੇ ਮੈਨੇਜਰ ਨਾਲ ਹੀ ਰਹਿ ਰਿਹਾ ਸੀ ਤੇ ਉਸ ਦਾ ਵਿਹਾਰ ਵੀ ਅਜੀਬੋ ਗਰੀਬ ਸੀ। ਇਸ ਤੋਂ ਇਲਾਵਾ ਅਸਾਮ ਪੁਲੀਸ ਨੇ ਜ਼ੂਬਿਨ ਦੇ ਪੋਸਟਮਾਰਟਮ ਦੀ ਦੂਜੀ ਰਿਪੋਰਟ ਉਸ ਦੀ ਪਤਨੀ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ਪੁਲੀਸ ਵਲੋਂ ਉਸ ਦੇ ਪੋਸਟਮਾਰਟਮ ਦੀ ਰਿਪੋਰਟ ਵੀ ਜ਼ੂਬਿਨ ਦੀ ਪਤਨੀ ਨੂੰ ਦੋ ਦਿਨ ਪਹਿਲਾਂ ਸੌਂਪ ਦਿੱਤੀ ਗਈ ਸੀ।