ਮੈਡੀਸਿਨ ਖੇਤਰ ਦੇ ਤਿੰਨ ਵਿਗਿਆਨੀਆਂ ਨੂੰ ਮਿਲੇਗਾ ਨੋਬੇਲ ਪੁਰਸਕਾਰ
ਸਟਾਕਹੋਮ :ਮੈਰੀ ਈ ਬਰੁਨਕੋ, ਫਰੈੱਡ ਰੈਮਸਡੇਲ ਤੇ ਸ਼ਿਮੌਨ ਸਾਕਾਗੁਚੀ ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਮੈਡੀਸਿਨ ਦਾ ਨੋਬੇਲ ਪੁਰਸਕਾਰ ਦੇਣ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ ਹੈ। ਪੈਰੀਫੇਰਲ ਇਮਿਊਨ ਟਾਲਰੈਂਸ ਇੱਕ ਅਜਿਹਾ ਢੰਗ ਹੈ ਜਿਸ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਪ੍ਰਣਾਲੀ ਨੂੰ ਬੇਕਾਬੂ ਹੋਣ ਅਤੇ ਬਾਹਰੀ ਕਾਰਕਾਂ ਦੀ ਥਾਂ ਆਪਣੇ ਹੀ ਤੱਤਾਂ ’ਤੇ ਹਮਲਾ ਕਰਨ ਤੋਂ ਰੋਕਣ ’ਚ ਮਦਦ ਮਿਲਦੀ ਹੈ। ਇਹ ਸਾਲ 2025 ਦੇ ਨੋਬੇਲ ਪੁਰਸਕਾਰਾਂ ਦਾ ਪਹਿਲਾ ਐਲਾਨ ਹੈ ਅਤੇ ਸਟਾਕਹੋਮ ਦੇ ਕਾਰੋਲਿੰਸਕਾ ਸੰਸਥਾ ’ਚ ਇੱਕ ਕਮੇਟੀ ਨੇ ਨਾਵਾਂ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਦਾ ਪੁਰਸਕਾਰ ਅਮਰੀਕੀ ਨਾਗਰਿਕ ਵਿਕਟਰ ਐਂਬਰੋਸ ਤੇ ਗੈਰੀ ਰੁਵਕੁਨ ਨੂੰ ਸੂਖਮ ‘ਆਰਐੱਨਏ’ (ਰਾਈਬੋਨਿਊਕਲਿਕ ਐਸਿਡ) ਦੀ ਖੋਜ ਲਈ ਸਾਂਝੇ ਤੌਰ ’ਤੇ ਦਿੱਤਾ ਗਿਆ ਸੀ। ਮੰਗਲਵਾਰ ਨੂੰ ਭੌਤਿਕੀ, ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਨੋਬੇਲ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਨੋਬੇਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਅਤੇ ਅਰਥਸ਼ਾਸਤਰ ’ਚ ਨੋਬੇਲ ਮੈਮੋਰੀਅਲ ਪੁਰਸਕਾਰ ਦਾ ਐਲਾਨ 13 ਅਕਤੂਬਰ ਨੂੰ ਕੀਤਾ ਜਾਵੇਗਾ।