ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀ ਢਾਈ ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਗਿ੍ਰ੍ਰਫਤਾਰ
ਜਲੰਧਰ : ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ, ਜਲੰਧਰ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਇੱਕ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਅਤਿਵਾਦੀਆਂ ਦੀ ਪਛਾਣ ਗੁਰਜਿੰਦਰ ਸਿੰਘ ਅਤੇ ਦੀਵਾਨ ਸਿੰਘ ਵਜੋਂ ਹੋਈ ਹੈ। ਇਹ ਅਤਿਵਾਦੀ ਨੈੱਟਵਰਕ ਯੂਨਾਈਟਿਡ ਕਿੰਗਡਮ ਵਿੱਚ ਸਥਿਤ ਹੈਂਡਲਰ ਨਿਸ਼ਾਨ ਜੌੜੀਆਂ ਅਤੇ ਆਦੇਸ਼ ਜਾਮਾਰਾਏ ਵੱਲੋਂ ਚਲਾਇਆ ਜਾ ਰਿਹਾ ਸੀ। ਦੋਵਾਂ ਨੂੰ ਬੀਕੇਆਈ ਆਗੂ ਹਰਵਿੰਦਰ ਸਿੰਘ ਰਿੰਦਾ ਤੋਂ ਨਿਰਦੇਸ਼ ਮਿਲੇ ਸਨ। ਰਿੰਦਾ ਇਸ ਸਮੇਂ ਆਈਐਸਆਈ ਦੀ ਸੁਰੱਖਿਆ ਹੇਠ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ ਅਤੇ ਭਾਰਤ ਵਿੱਚ ਹਿੰਸਾ ਫੈਲਾਉਣ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਿਹਾ ਹੈ।
ਛਾਪੇਮਾਰੀ ਦੌਰਾਨ, ਪੁਲੀਸ ਨੇ 2.5 ਕਿਲੋਗ੍ਰਾਮ ਵਿਸਫੋਟਕ ਸਮੱਗਰੀ (ਆਰਡੀਐਕਸ) ਅਤੇ ਇੱਕ ਰਿਮੋਟ ਕੰਟਰੋਲ ਡਿਵਾਈਸ ਬਰਾਮਦ ਕੀਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਸਫੋਟਕ ਇਕ ਅਤਿਵਾਦੀ ਹਮਲੇ ਲਈ ਤਿਆਰ ਕੀਤੇ ਗਏ ਸਨ। ਪੁਲੀਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਹਮਲੇ ਦਾ ਨਿਸ਼ਾਨਾ ਕੌਣ ਸੀ ਤੇ ਇਸ ਪਿੱਛੇ ਕਿਹੜੇ ਸਥਾਨਕ ਲੋਕ ਹਨ।