ਰੂਸ ਵੱਲੋਂ ਯੂਕਰੇਨੀ ਥਰਮਲ ਪਾਵਰ ਪਲਾਂਟ ’ਤੇ ਹਮਲਾ
ਕੀਵ : ਰੂਸ ਨੇ ਲੰਘੀ ਰਾਤ ਕੀਤੇ ਹਮਲਿਆਂ ਵਿੱਚ ਯੂਕਰੇਨ ਦੇ ਥਰਮਲ ਪਾਵਰ ਪਲਾਂਟ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਾ ਕੇ ਮਾਸਕੋ ਨੇ ਸਰਦੀਆਂ ਨੇੜੇ ਆਉਣ ’ਤੇ ਯੂਕਰੇਨੀਆਂ ਨੂੰ ਗਰਮੀ, ਰੋਸ਼ਨੀ ਅਤੇ ਚੱਲਦੇ ਪਾਣੀ ਤੋਂ ਵਾਂਝਾ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖੀ। ਯੂਕਰੇਨ ਦੇ ਸਭ ਤੋਂ ਵੱਡੇ ਬਿਜਲੀ ਅਪਰੇਟਰ ਡੀ ਟੀ ਈ ਕੇ ਅਨੁਸਾਰ, ਇਸ ਹਮਲੇ ਵਿੱਚ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਕੰਪਨੀ ਨੇ ਪਲਾਂਟ ਦੀ ਸਥਿਤੀ ਸਣੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਯੂਕਰੇਨੀ ਅਧਿਕਾਰੀ ਉਨ੍ਹਾਂ ਦੀ ਪਾਵਰ ਗਰਿੱਡ ’ਤੇ ਹੋਣ ਵਾਲੇ ਰੂਸੀ ਹਮਲਿਆਂ ਬਾਰੇ ਬਹੁਤ ਘੱਟ ਵੇਰਵੇ ਜਾਰੀ ਕਰਦੇ ਹਨ ਤਾਂ ਜੋ ਦੁਸ਼ਮਣ ਨੂੰ ਖ਼ੁਫੀਆ ਜਾਣਕਾਰੀ ਨਾ ਮਿਲ ਸਕੇ। ਇਸ ਦੌਰਾਨ, ਮੁਰੰਮਤ ਕਰਨ ਵਾਲਾ ਅਮਲਾ ਇਸ ਨੁਕਸਾਨ ਨੂੰ ਠੀਕ ਕਰਨ ਲਈ 24 ਘੰਟੇ ਕੰਮ ਕਰ ਰਿਹਾ ਹੈ। ਰੂਸ ਵੱਲੋਂ ਤਿੰਨ ਸਾਲ ਪਹਿਲਾਂ ਆਪਣੇ ਗੁਆਂਢੀ ਮੁਲਕ ’ਤੇ ਹਮਲਾ ਕੀਤੇ ਜਾਣ ਦੇ ਬਾਅਦ ਤੋਂ ਊਰਜਾ ਖੇਤਰ ਮੁੱਖ ਜੰਗ ਦਾ ਮੈਦਾਨ ਰਿਹਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਹਰੇਕ ਸਾਲ, ਰੂਸ ਨੇ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨੀ ਬਿਜਲੀ ਗਰਿੱਡਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਂ ਦੇ ਮਨੋਬਲ ਨੂੰ ਘਟਾਇਆ ਜਾ ਸਕੇ ਅਤੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਧਰ ਰੂਸ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਤੋ-ਰਾਤ ਨੌਂ ਰੂਸੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ 53 ਯੂਕਰੇਨੀ ਡਰੋਨਾਂ ਨੂੰ ਰੋਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਯੂਕਰੇਨ ਦੇ ਉੱਤਰੀ ਚੇਰਨੀਹਿਵ, ਦੱਖਣੀ ਖਰਸੋਨ ਅਤੇ ਦੱਖਣ-ਪੂਰਬੀ ਦਾਨਿਪ੍ਰੋਪੈਤਰੋਵਸਕ ਖੇਤਰਾਂ ਵਿੱਚ ਵੀ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ।