ਪਾਕਿਸਤਾਨ ਦੇ ਪੁਲੀਸ ਸਿਖਲਾਈ ਕੇਂਦਰ ’ਤੇ ਹਮਲਾ ਕਾਰਨ ਸੱਤ ਪੁਲੀਸ ਮੁਲਾਜ਼ਮ ਤੇ ਛੇ ਦਹਿਸ਼ਤਗਰਦ ਹਲਾਕ
ਪੇਸ਼ਾਵਰ : ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਪੁਲੀਸ ਸਿਖਲਾਈ ਕੇਂਦਰ ਦੇ ਸਕੂਲ ’ਤੇ ਆਤਮਘਾਤੀ ਹਮਲੇ ਤੋਂ ਬਾਅਦ ਪੰਜ ਘੰਟੇ ਤੱਕ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਤਿੰਨ ਹੋਰ ਦਹਿਸ਼ਤਗਰਦ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿਚ ਛੇ ਹੋਰ ਪੁਲੀਸ ਕਰਮਚਾਰੀਆਂ ਦੀ ਮੌਤ ਹੋ ਗਈ। ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਰੱਤਾ ਕੁਲਾਚੀ ਪੁਲੀਸ ਟ?ਰੇਨਿੰਗ ਸਕੂਲ ’ਤੇ ਹਮਲੇ ਤੋਂ ਬਾਅਦ ਪੁਲੀਸ ਕਰਮਚਾਰੀਆਂ ਵਲੋਂ ਜਵਾਬੀ ਗੋਲੀਬਾਰੀ ਵਿਚ ਤਿੰਨ ਦਹਿਸ਼ਤਗਰਦਾਂ ਨੂੰ ਪਹਿਲਾਂ ਹੀ ਮਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋਣ ਦੀ ਖਬਰ ਮਿਲੀ ਸੀ ਜਿਸ ਨਾਲ ਹਮਲੇ ਵਿੱਚ ਮਾਰੇ ਗਏ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਸੱਤ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਸਾਰੇ ਸਿਖਿਆਰਥੀ ਭਰਤੀ ਅਤੇ ਸਟਾਫ਼ ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਅਪਰੇਸ਼ਨ ਵਿੱਚ SS7 ਕਮਾਂਡੋ, ਅਲ-ਬੁਰਕ ਫੋਰਸ, ਇਲੀਟ ਫੋਰਸ ਅਤੇ ਪੁਲੀਸ ਕਰਮਚਾਰੀ ਸ਼ਾਮਲ ਸਨ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ ਜਦੋਂ ਦਹਿਸ਼ਤਗਰਦਾਂ ਨੇ ਵਿਸਫੋਟਕ ਨਾਲ ਭਰੇ ਟਰੱਕ ਨੂੰ ਪੁਲੀਸ ਟਰੇਨਿੰਗ ਸਕੂਲ ਦੇ ਮੁੱਖ ਗੇਟ ’ਤੇ ਚੜ੍ਹਾ ਦਿੱਤਾ ਜਿਸ ਨਾਲ ਵੱਡਾ ਧਮਾਕਾ ਹੋ ਗਿਆ। ਧਮਾਕੇ ਤੋਂ ਤੁਰੰਤ ਬਾਅਦ ਦਹਿਸ਼ਤਗਰਦ ਕੰਪਲੈਕਸ ਵਿਚ ਦਾਖਲ ਹੋ ਗਏ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ।