ਪਾਕਿਸਤਾਨ ਵੱਲੋਂ 19 ਅਫ਼ਗਾਨ ਚੌਕੀਆਂ ’ਤੇ ਕਬਜ਼ਾ
ਇਸਲਾਮਾਬਾਦ : ਪਾਕਿਸਤਾਨ ਨੇ ਅਫ਼ਗਾਨਿਸਤਾਨ ਫ਼ੌਜ ਦੀਆਂ 19 ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ’ਤੇ ਸਰਹੱਦੀ ਇਲਾਕਿਆਂ ’ਚ ਬਿਨਾਂ ਕਿਸੇ ਭੜਕਾਹਟ ਦੇ ਹਮਲੇ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਅਫਗਾਨਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਜਵਾਬੀ ਕਾਰਵਾਈ ਦੌਰਾਨ 58 ਪਾਕਿਸਤਾਨੀ ਫ਼ੌਜੀਆਂ ਨੂੰ ਮਾਰ ਮੁਕਾਇਆ ਜਦੋਂ ਕਿ 30 ਹੋਰ ਜਵਾਨ ਜ਼ਖ਼ਮੀ ਹੋਏ ਹਨ। ਅਫ਼ਗਾਨ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ’ਚ ਅੰਗੂਰ ਅੱਡਾ, ਬਜੌਰ, ਕੁਰੱਮ, ਦੀਰ ਅਤੇ ਬਲੋਚਿਸਤਾਨ ’ਚ ਬਾਰਾਮਚਾ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਤਾਲਿਬਾਨ ਸਰਕਾਰ ਦੇ ਮੁੱਖ ਤਰਜਮਾਨ ਮੁਜਾਹਦ ਨੇ ਕਿਹਾ ਕਿ ਕਤਰ ਅਤੇ ਸਾਊਦੀ ਅਰਬ ਦੀਆਂ ਅਪੀਲਾਂ ’ਤੇ ਅੱਧੀ ਰਾਤ ਨੂੰ ਅਪਰੇਸ਼ਨ ਰੋਕ ਦਿੱਤਾ ਗਿਆ ਹੈ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਮੋਹਸਿਨ ਨਕਵੀ ਨੇ ਤਾਲਿਬਾਨ ’ਤੇ ਬਿਨਾਂ ਭੜਕਾਹਟ ਦੇ ਸਰਹੱਦੀ ਚੌਕੀਆਂ ’ਤੇ ਹਮਲਿਆਂ ਕਰਨ ਦਾ ਦੋਸ਼ ਲਾਇਆ।