ਹਾਂਗਕਾਂਗ ਵਾਲੀ ਉਡਾਣ ਅਹਿਮਦਾਬਾਦ ਹਵਾਈ ਅੱਡੇ ਲਾਉਣੀ ਪਈ
ਅਹਿਮਦਾਬਾਦ, :ਕਤਰ ਦੀ ਹਾਂਗਕਾਂਗ ਜਾਣ ਵਾਲੀ ਇੱਕ ਉਡਾਣ ਵਿਚ ਤਕਨੀਕੀ ਸਮੱਸਿਆ ਆ ਗਈ ਜਿਸ ਕਾਰਨ ਇਸ ਨੂੰ ਹੰਗਾਮੀ ਹਾਲਤ ਵਿੱਚ ਅਹਿਮਦਾਬਾਦ ਭੇਜਿਆ ਗਿਆ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਕਤਰ ਏਅਰਵੇਜ਼ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਇਸ ਦੀ ਉਡਾਣ ਕਿਊ ਆਰ 816 ਨੇ ਸਵੇਰੇ 9 ਵਜੇ ਦੋਹਾ ਦੇ ਹਾਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਹ ਹਾਂਗਕਾਂਗ ਜਾਣ ਦੀ ਥਾਂ ਦੁਪਹਿਰ 2.40 ਵਜੇ ਦੇ ਕਰੀਬ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਤਬਦੀਲ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਉਡਾਣ ਹਵਾ ਵਿਚ ਸੀ ਤਾਂ ਇਸ ਵਿਚ ਕੁਝ ਤਕਨੀਕੀ ਸਮੱਸਿਆ ਆ ਗਈ। ਇਹ ਦੁਪਹਿਰ 2.40 ਵਜੇ ਦੇ ਕਰੀਬ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਈ। ਇਸ ਤੋਂ ਬਾਅਦ ਹਵਾਈ ਜਹਾਜ਼ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਦੀ ਅਗਲੀ ਉਡਾਣ ਦਾ ਫੈਸਲਾ ਹਵਾਈ ਅੱਡੇ ’ਤੇ ਜਹਾਜ਼ ਦੀ ਪੂਰੀ ਜਾਂਚ ਤੋਂ ਬਾਅਦ ਲਿਆ ਜਾਵੇਗਾ।
ਏਅਰਲਾਈਨ ਦੀ ਵੈੱਬਸਾਈਟ ’ਤੇ ਦੱਸਿਆ ਗਿਆ ਹੈ ਕਿ ਇਹ ਉਡਾਣ ਸ਼ਾਮ 5.30 ਵਜੇ ਹਵਾਈ ਅੱਡੇ ਦੇ ਟਰਮੀਨਲ 2 ਤੋਂ ਹਾਂਗਕਾਂਗ ਲਈ ਰਵਾਨਾ ਹੋਵੇਗੀ। ਕਤਰ ਏਅਰਵੇਜ਼ ਨੇ ਕਿਹਾ ਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਮੁੱਖ ਹੈ ਜਿਸ ਕਰ ਕੇ ਕੋਈ ਵੀ ਜ਼ੋਖਮ ਨਹੀਂ ਲਿਆ ਗਿਆ।