ਬੰਗਲਾਦੇਸ਼ ’ਚ ਗੁਦਾਮ ’ਚ ਅੱਗ ਲੱਗਣ ਕਾਰਨ 16 ਮੌਤਾਂ
ਢਾਕਾ, ਢਾਕਾ ਦੇ ਮੀਰਪੁਰ ਵਿੱਚ ਇੱਕ ਕੱਪੜਾ ਫੈਕਟਰੀ ਅਤੇ ਇਸ ਨਾਲ ਲੱਗਦੇ ਇੱਕ ਰਸਾਇਣਕ ਗੋਦਾਮ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਤੇ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਫਾਇਰ ਸਰਵਿਸ ਦੇ ਡਾਇਰੈਕਟਰ ਤਾਜੁਲ ਇਸਲਾਮ ਚੌਧਰੀ ਨੇ ਕਿਹਾ, ‘ਕੱਪੜਾ ਫੈਕਟਰੀ ਦੀ ਦੂਜੀ ਅਤੇ ਤੀਜੀ ਮੰਜ਼ਿਲ ਤੋਂ ਸੋਲਾਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।’
ਇੱਕ ਹੋਰ ਅਧਿਕਾਰੀ ਤਲ੍ਹਾ ਬਿਨ ਜਾਸ਼ਿਮ ਨੇ ਕਿਹਾ ਕਿ ਰਾਜਧਾਨੀ ਢਾਕਾ ਦੇ ਮੀਰਪੁਰ ਖੇਤਰ ਵਿੱਚ ਸੱਤ ਮੰਜ਼ਿਲਾ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਦੁਪਹਿਰ ਵੇਲੇ ਅੱਗ ਲੱਗੀ। ਇੱਥੇ ਬਲੀਚਿੰਗ ਪਾਊਡਰ, ਪਲਾਸਟਿਕ ਅਤੇ ਹਾਈਡਰੋਜਨ ਪਰਆਕਸਾਈਡ ਸਟੋਰ ਕੀਤਾ ਹੋਇਆ ਸੀ।
ਇਹ ਪਤਾ ਲੱਗਿਆ ਹੈ ਕਿ ਢਾਕਾ ਦੇ ਮੀਰਪੁਰ ਵਿਚ ਇਕ ਕੱਪੜਿਆਂ ਤੇ ਕੈਮੀਕਲ ਵੇਅਰਹਾਊਸ ਵਿਚ ਅੱਜ ਅੱਗ ਲੱਗ ਗਈ। ਫਾਇਰ ਵਿਭਾਗ ਨੇ ਦੱਸਿਆ ਕਿ ਉਹ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।