ਜੈਸਲਮੇਰ ਤੋਂ ਜੋਧਪੁਰ ਜਾ ਰਹੀ ਬੱਸ ’ਚ ਲੱਗੀ ਭਿਆਨ ਅੱਗ ਹਾਦਸੇ ਦੌਰਾਨ 20 ਦੀ ਮੌਤ, 16 ਜ਼ਖ਼ਮੀ, ਬੱਸ ’ਚ 57 ਯਾਤਰੀ ਸਨ ਜੈਸਲਮੇਰ :ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਥਾਈਆਤ ਪਿੰਡ ਦੇ ਨੇੜੇ ਅੱਗ ਲੱਗ ਗਈ। ਜੈਸਲਮੇਰ ਦੇ ਐਡੀਸ਼ਨਲ ਐਸ ਪੀ ਕੈਲਾਸ਼ ਧਨ ਅਨੁਸਾਰ ਇਸ ਘਟਨਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਬਚਾਅ ਕਾਰਜ ਜਾਰੀ ਹਨ। ਜਾਣਕਾਰੀ ਅਨੁਸਾਰ ਇਸ ਬੱਸ ਨੂੰ ਬਾਅਦ ਦੁਪਹਿਰ ਅੱਗ ਲੱਗ ਗਈ ਤੇ ਅੱਧੀ ਬੱਸ ਅੱਗ ਲੱਗਣ ਕਾਰਨ ਖਾਕ ਹੋ ਗਈ। ਇਸ ਬੱਸ ਵਿਚ 57 ਯਾਤਰੀ ਸਵਾਰ ਸਨ। ਇਕ ਮੀਡੀਆ ਚੈਨਲ ’ਤੇ ਵਿਧਾਇਕ ਪ੍ਰਤਾਪਪੁਰੀ ਨੇ ਇਸ ਹਾਦਸੇ ਵਿਚ ਵੀਹ ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ 16 ਜ਼ਖ਼ਮੀ ਹੋ ਗਏ ਹਨ। ਇਹ ਪਤਾ ਲੱਗਿਆ ਹੈ ਕਿ ਅੱਗ ਲੱਗਣ ਤੋਂ ਬਾਅਦ ਬੱਸ ਦੇ ਦਰਵਾਜ਼ੇ ਲੌਕ ਹੋ ਗਏ। ਜਾਣਕਾਰੀ ਅਨੁਸਾਰ ਇਹ ਨਿਜੀ ਬੱਸ ਆਪਣੇ ਰੋਜ਼ਾਨਾ ਦੇ ਸਮੇਂ ਅਨੁਸਾਰ ਦੁਪਹਿਰ 3 ਵਜੇ ਦੇ ਕਰੀਬ ਜੈਸਲਮੇਰ ਤੋਂ ਜੋਧਪੁਰ ਲਈ ਰਵਾਨਾ ਹੋਈ ਸੀ। ਜਦੋਂ ਉਹ ਥਾਈਅਤ ਪਿੰਡ ਦੇ ਨੇੜੇ ਪੁੱਜੀ ਤਾਂ ਅਚਾਨਕ ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆਂ ਉੱਠਣ ਲੱਗਾ। ਕੁਝ ਹੀ ਪਲਾਂ ਵਿੱਚ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਮੌਕੇ ਨੇੜਲੇ ਪਿੰਡਾਂ ਦੇ ਵਾਸੀਆਂ ਅਤੇ ਰਾਹਗੀਰਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ। ਸਥਾਨਕ ਲੋਕਾਂ ਨੇ ਫਾਇਰ ਵਿਭਾਗ ਅਤੇ ਪੁਲੀਸ ਨੂੰ ਸੂਚਿਤ ਕੀਤਾ। ਜ਼ਖਮੀਆਂ ਨੂੰ ਜੈਸਲਮੇਰ ਦੇ ਜਵਾਹਰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗਿਆ। ਇਸ ਮੌਕੇ ਪੁਲੀਸ ਨੇ ਫਾਇਰ ਵਿਭਾਗ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ।