ਅਮਰੀਕੀ ਸਰਕਾਰ ਇਸੇ ਤਰ੍ਹਾਂ ਭਾਰਤੀਆਂ ਲਈ ਪਿਆਰ ਅਤੇ ਸਹਿਯੋਗ ਦਾ ਸੰਦੇਸ਼ ਦਿੰਦੀ ਰਹੇ : ਵਰਿੰਦਰ ਸਿੰਘ (ਚੀਫ ਐਡੀਟਰ ਅਮੇਜਿੰਗ ਟੀ.ਵੀ.)
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਵਹਾਈਟ ਹਾਊਸ ਵਿੱਚ ਦੀਵਾਲੀ ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਭਾਰਤ ਦੇ ਲੋਕਾਂ ਅਤੇ ਭਾਰਤੀ-ਅਮਰੀਕੀਆਂ ਨੂੰ ਦੀਵਾਲੀ ਦੇ ਤਿਓਹਾਰ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਟਰੰਪ ਨੇ ਦੀਵਾਲੀ ਦੇ ਜਸ਼ਨਾਂ ਲਈ ਵਹਾਈਟ ਹਾਊਸ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਨੂੰ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਅੱਜ ਹੀ ਤੁਹਾਡੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ। ਬਹੁਤ ਵਧੀਆ ਗੱਲਬਾਤ ਹੋਈ।’’
ਅਮਰੀਕੀ ਰਾਸ਼ਟਰਪਤੀ ਨੇ ਦੀਵਾਲੀ ਦੇ ਤਿਉਹਾਰ ਦੇ ਪ੍ਰਤੀਕਾਤਮਕ ਮਹੱਤਵ ਨੂੰ ਉਜਾਗਰ ਕਰਦੇ ਹੋਏ ਟਰੰਪ ਨੇ ਕਿਹਾ, ‘‘ਕੁਝ ਹੀ ਪਲਾਂ ਵਿੱਚ, ਅਸੀਂ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਵਿੱਚ ਵਿਸ਼ਵਾਸ ਦੇ ਪ੍ਰਤੀਕ ਵਜੋਂ ਦੀਵਾ ਜਗਾਵਾਂਗੇ… ਇਹ ਅਗਿਆਨਤਾ ਉੱਤੇ ਗਿਆਨ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਹੈ। ਦੀਵਾਲੀ ਦੇ ਦੌਰਾਨ, ਲੋਕ ਦੁਸ਼ਮਣਾਂ ਦੀ ਹਾਰ, ਰੁਕਾਵਟਾਂ ਨੂੰ ਦੂਰ ਕਰਨ ਅਤੇ ਬੰਦੀਆਂ ਦੀ ਰਿਹਾਈ ਦੀਆਂ ਪ੍ਰਾਚੀਨ ਕਹਾਣੀਆਂ ਨੂੰ ਯਾਦ ਕਰਦੇ ਹਨ।’’
ਟਰੰਪ ਨੇ ਕਿਹਾ ਕਿ ਦੀਵੇ ਦੀ ਲਾਟ ਹਰ ਕਿਸੇ ਨੂੰ ‘ਸਿਆਣਪ’ ਦਾ ਮਾਰਗ ਲੱਭਣ ਅਤੇ ਮਿਹਨਤ ਨਾਲ ਕੰਮ ਕਰਨ ਦੀ ਯਾਦ ਦਿਵਾਉਂਦੀ ਹੈ। ਆਪਣੇ ਸ਼ੁਰੂਆਤੀ ਭਾਸ਼ਣ ਤੋਂ ਬਾਅਦ ਟਰੰਪ ਨੇ ਵਹਾਈਟ ਹਾਊਸ ਵਿਚ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੀਵੇ ਜਗਾਏ।
ਸਮਾਗਮ ਵਿਚ ਟਰੰਪ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵਿੱਚ ਐਫਬੀਆਈ ਡਾਇਰੈਕਟਰ ਕਾਸ਼ ਪਟੇਲ, ਓਡੀਐਨਆਈ ਡਾਇਰੈਕਟਰ ਤੁਲਸੀ ਗੈਬਾਰਡ, ਵਹਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਕੁਸ਼ ਦੇਸਾਈ, ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਸ਼ਾਮਲ ਸਨ।
ਇਸ ਸਮਾਗਮ ਵਿੱਚ ਪ੍ਰਮੁੱਖ ਭਾਰਤੀ-ਅਮਰੀਕੀ ਕਾਰੋਬਾਰੀ ਆਗੂਆਂ ਦਾ ਇੱਕ ਵਫ਼ਦ ਵੀ ਸ਼ਾਮਲ ਹੋਇਆ, ਜੋ ਅਮਰੀਕਾ-ਭਾਰਤ ਸਬੰਧਾਂ ਵਿੱਚ ਭਾਰਤੀ ਪ੍ਰਵਾਸੀਆਂ ਦੀ ਵਧਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ।
ਅਮੇਜਿੰਗ ਨਿਊਜ਼ ਚੀਫ ਐਡੀਟਰ ਵਰਿੰਦਰ ਸਿੰਘ ਨੇ ਇਸ ਖੁਸ਼ੀ ਦੇ ਮੌਕੇ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀਆਂ ਅਤੇ ਆਸ ਕੀਤੀ ਅਮਰੀਕੀ ਸਰਕਾਰ ਇਸੇ ਤਰ੍ਹਾਂ ਭਾਰਤੀਆਂ ਲਈ ਪਿਆਰ ਅਤੇ ਸਹਿਯੋਗ ਦਾ ਸੰਦੇਸ਼ ਸਦਾ ਦਿੰਦੀ ਰਹੇ ।
