ਅਮਰੀਕਾ ’ਚ ਮਿਹਨਤ ਨਾਲ ਕਮਾਈ ਇੱਜਤ ਨੂੰ ਨਵੇਂ ਇਮੀਗੇ੍ਰਟਸ ਢਾਹ ਲਾ ਰਹੇ ਹਨ : ਜਸਦੀਪ ਸਿੰਘ ਜੈਸੀ
ਵਸ਼ਿੰਗਟਨ : ਅਮੇਜਿੰਗ ਟੀ.ਵੀ. ਵੱਲੋਂ ਅਮਰੀਕਾ ਦੇ ਸਿੱਖ ਬੁੱਧੀਜੀਵੀ ਅਤੇ ‘ਸਿੱਖਸ ਆਫ ਅਮੈਰਿਕਾ’ ਦੇ chairman ਸ. ਜਸਦੀਪ ਸਿੰਘ ਜੈਸੀ ਨਾਲ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿਸ ਦੌਰਾਨ ਹਾਲ ਹੀ ਵਿੱਚ ਹੋਈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਬਾਰੇ ਅਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਹੁੰਚੇ ਪੰਜਾਬੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਹ ਦਰਦਨਾਕ ਹਾਦਸਾ ਓਂਟਾਰੀਓ, ਕੈਲੀਫੋਰਨੀਆ ਵਿੱਚ ਵਾਪਰਿਆ ਜਿੱਥੇ ਇੱਕ ਟਰੱਕ ਨੇ ਅੱਠ ਵਾਹਨਾਂ ਦੀ ਟੱਕਰ ਮਾਰ ਦਿੱਤੀ ਅਤੇ ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ ਸਨ।
ਸ. ਜਸਦੀਪ ਸਿੰਘ ਜੈਸੀ ਨੇ ਸਪੱਸਟ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਪਿਛਲੇ 100 ਸਾਲਾਂ ਤੋਂ ਪੰਜਾਬੀ ਰਹਿ ਰਹੇ ਹਨ। ਇਥੇ ਸਿੱਖਾਂ ਅਤੇ ਪੰਜਾਬੀਆਂ ਨੇ ਆਪਣ ਮਿਹਨਤ ਸਦਕਾ ਬਹੁਤ ਇੱਜ਼ਤ ਕਮਾਈ ਹੈ, ਪਰ ਪਿਛਲੇ 3-4 ਸਾਲਾਂ ਤੋਂ ਨਵੇਂ ਗੈਰ ਕਾਨੂੰਨੀ ਢੰਗ ਨਾਲ ਆ ਰਹੇ ਇਮੀਗ੍ਰੇਟਸ ਨੇ ਆ ਕੇ ਮਾਹੌਲ ਬਹੁਤ ਗੰਦਾ ਕਰ ਦਿੱਤਾ ਹੈ, ਜੋ ਸਾਨੂੰ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਜਿਵੇਂ ਪੰਜਾਬ ਵਿੱਚ ਗੰਦਗੀ ਖਲਾਰਦੇ ਸਨ, ਜੋ ਵਰਤਾਰੇ ਪੰਜਾਬ ਵਿੱਚ ਹੁੰਦੇ ਸਨ ਹੁਣ ਇਥੇ ਹੋਣ ਲੱਗ ਪਏ ਹਨ। ਜਿਵੇਂ ਪੰਜਾਬ ਵਿੱਚ ਟਰੈਫਿਕ ਦਾ ਹਾਲ ਹੈ, ਕੋਈ ਰੂਲਜ਼ ਫਾਲੋ ਨਹੀਂ ਕਰਦਾ, ਕਿਤੋਂ ਵੀ ਯੂ-ਟਰਨ ਮਾਰ ਲਿਆ, ਟਰੱਕ ਤੇ ਬੱਸ ਖੱਡੇ ਵਿੱਚ ਡਿੱਗ ਗਈਆਂ, ਜਿਵੇਂ ਉਥੇ ਨਸ਼ੇ ਕਰਕੇ ਡਰਾਈਵਿੰਗ ਕਰਦੇ ਹਨ ਇਥੇ ਵੀ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਆ ਕੇ ਡਰਾਈਵਿੰਗ ਨਸ਼ੇ ਦੇ ਲੋਰ ਵਿੱਚ ਡੋਡੇ ਖਾ ਕੇ ਕਰਦੇ ਹਨ, ਜਿਸ ਨਾਲ ਭਿਆਨਕ ਹਾਦਸੇ ਆਮ ਹੋ ਰਹੇ ਹਨ। ਇਸ ਤਰ੍ਹਾਂ ਭਾਰਤੀਆਂ ਵੱਲੋਂ ਅਮਰੀਕਾ ਵਿੱਚ ਆ ਕੇ ਤਿਉਹਾਰ ਵੇਲੇ ਕੀਤਾ ਜਾਂਦਾ ਹੈ, ਜਿਵੇਂ ਦੀਵਾਲੀ ਵੇਲੇ ਪਟਾਕਿਆਂ ਦਾ ਧੂੰਆਂ, ਹੋਲੀ ਵੇਲੇ ਰੰਗ ਖਲਾਰੇ ਜਾ ਰਹੇ ਹਨ, ਨਦੀਆਂ-ਸਮੁੰਦਰਾਂ ਵਿੱਚ ਮੁੂਰਤੀਆਂ ਵਿਸਰਜਨ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਨੂੰ ਦੂਸ਼ਤ ਕਰ ਦਿੱਤਾ ਹੈ। ਅਜਿਹੀਆਂ ਹਰਕਤਾਂ ਕਰਕੇ ਅਮਰੀਕਾ ਵਿੱਚ 100 ਤੋਂ ਮਿਹਨਤਾਂ ਕਰਕੇ ਰਹਿ ਰਹੇ ਪੰਜਾਬੀਆਂ ਦਾ ਨਾਮ ਵੀ ਬਦਨਾਮ ਹੋ ਰਿਹਾ ਹੈ।
ਚੀਫ ਐਡੀਟਰ ਵਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਤੋਂ ਬਹੁਤ ਸਾਰੇ ਲੋਕ ਟਰੱਕ ਇੰਡਸਟਰੀ ਵਿੱਚ ਆਏ ਹਨ, ਜਿਨ੍ਹਾਂ ਨੂੰ ਨਾ ਤਾਂ ਇੰਗਲਿਸ਼ ਆਉਂਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਰੋਡ ਸੇਫਟੀ ਅਤੇ ਰੋਡ ਸਾਈਨ ਬਾਰੇ ਵੀ ਪਤਾ ਨਹੀਂ ਹੁੰਦਾ ਹੈ। ਇਨ੍ਹਾਂ ਨੂੰ ਲਾਇਸੈਂਸ ਮਿਲ ਕਿਵੇਂ ਜਾਂਦੇ ਹਨ?
ਇਸ ਦਾ ਜਵਾਬ ਦਿੰਦਿਆਂ ਸ. ਜੈਸੀ ਨੇ ਕਿਹਾ ਕਿ ਮੈਨੂੰ ਇਥੋਂ ਦੀ ਸਰਕਾਰ ਨਾਲ ਵੀ ਨਰਾਜ਼ਗੀ ਹੈ ਕਿ ਇਨ੍ਹਾਂ ਉੱਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਹੈ, ਜੇਕਰ ਡਰਾਈਵਰ ਨੂੰ ਪੂਰੀ ਟੇ੍ਰੇਨਿੰਗ ਨਹੀਂ ਹੈ, ਉਸ ਨੂੰ ਇੰਗਲਿਸ਼ ਨਹੀਂ ਆਉਂਦੀ, ਉਸ ਦੇ ਕਾਗਜ ਪੂਰੇ ਨਹੀਂ ਹਨ ਅਤੇ ਤਜ਼ਰਬੇ ਤੋਂ ਬਿਨਾਂ ਕਿਵੇਂ ਉਨ੍ਹਾਂ ਨੂੰ ਹੈਵੀ ਡਿਊਟੀ ਟਰੱਕ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ? ਇਸ ਤੋਂ ਇਲਾਵਾ ਨਸ਼ਾ ਕਰਕੇ ਟਰੱਕ ਚਲਾਉਂਦੇ ਹਨ। ਪਹਿਲਾਂ ਅਮਰੀਕਾ ਵਿੱਚ ਡੋਡਿਆਂ ਦਾ ਨਾਮੋ-ਨਿਸ਼ਾਨ ਨਹੀਂ ਸੀ, ਹੁਣ ਅਮਰੀਕਾ ਵਿੱਚ ਇਹ ਆਮ ਗੱਲ ਹੋ ਗਈ ਹੈ। ਸ਼ੋਸ਼ਲ ਮੀਡੀਆ ’ਤੇ ਦਿਖਾਵੇ ਲਈ ਟਰੱਕ ਚਲਾਉਣ ਵੇਲੇ ਰੀਲਾਂ ਬਣਾਈਆਂ ਜਾਂਦੀਆਂ ਹਨ ਅਤੇ ਆਮ ਲੋਕਾਂ ਅਤੇ ਰਾਹਗੀਰਾਂ ਨਾਲ ਐਕਸੀਡੈਂਟ ਹੋ ਰਹੇ ਹਨ। ਇਸ ਸਭ ਦਾ ਜਿੰਮੇਵਾਰ ਕੌਣ ਹੈ?
ਸ. ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਨਾਲ ਇਥੇ ਵਿਤਕਰਾ ਹੋ ਰਿਹਾ ਹੈ, ਇਹ ਸਰਾਸਰ ਗਲਤ ਗੱਲ ਹੈ, ਇਸ ਤੋਂ ਪਹਿਲਾਂ ਦੁਰਘਟਨਾ ਕਰਨ ਵਾਲੇ ਬੇਲ ਮਿਲ ਗਈ ਸੀ, ਇਸ ਵਾਰੇ ਬੇਲ ਕਿਉਂ ਨਹੀਂ ਮਿਲ ਰਹੀ ਹੈ। ਇਸ ਦਾ ਕਾਰਨ ਇਹ ਹੈ ਉਹ ਅਮਰੀਕਾ ਦਾ ਨਾਗਰਿਕ ਸੀ ਅਤੇ ਇਹ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ। ਕੋਰਟ ਨੂੰ ਲੱਗਦਾ ਹੈ ਜੇਕਰ ਇਸ ਨੂੰ ਬੇਲ ਮਿਲ ਗਈ ਤਾਂ ਇਹ ਇਥੋਂ ਭੱਜ ਜਾਵੇਗਾ। ਪੰਜਾਬ ਦੇ ਅਖੌਤੀ ਰਾਜਨੀਤੀਵਾਨ ਜਿਨ੍ਹਾਂ ਨੂੰ ਅਮਰੀਕਾ ਬਾਰੇ ਕੁਝ ਨਹੀਂ ਪਤਾ ਉਹ ਇਸ ਕੇਸ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਆਪਣੀਆਂ ਰੋਟੀਆਂ ਸੇਕੀ ਜਾ ਰਹੇ ਹਨ।
ਸ. ਜੈਸੀ ਨੇ ਕਿਹਾ ਕਿ ਅਮਰੀਕਾ ਲਾ ਐਂਡ ਆਰਡਰ ਦਾ ਮੁਲਕ ਹੈ, ਇਥੇ ਰਹਿ ਕੇ ਤੁਹਾਨੂੰ ਸਾਰੇ ਲਾਅ ਐਂਡ ਆਰਡਰ ਅਤੇ ਸੋਸ਼ਲ ਐਟੀਕੇਟ ਫਾਲੋ ਕਰਨੇ ਪੈਣੇ ਹਨ। ਕਦੀ ਅਖੌਤੀ ਰਾਜਨੀਤਿਕ ਲੀਡਰਾਂ ਵੱਲੋਂ ਅਤੇ ਅਮਰੀਕਾ ’ਚ ਪੱਕਾ ਕਰਵਾਉਣ ਦੇ ਦਾਅਵੇ ਕਰਨ ਵਾਲੇ ਵਕੀਲਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਇਨ੍ਹਾਂ ਚੋਰਾਂ ਤੋਂ ਬੱਚਣ ਦੀ ਲੋੜ ਹੈ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਸਿੱਖਿਅਤ ਕੀਤਾ ਜਾ ਸਕੇ ਅਤੇ ਇਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਦਾ ਭਵਿੱਖ ਖਰਾਬ ਨਾ ਹੋਵੇ।


