ਅਮਰੀਕੀ ਨੇਵੀ ਦੇ ਦੋ ਜਹਾਜ਼ ਹਾਦਸੇ ਦਾ ਸ਼ਿਕਾਰ
ਵਾਸ਼ਿੰਗਟਨ : ਅਮਰੀਕੀ ਜੰਗੀ ਬੇੜੇ ਯੂ ਐੱਸ ਐੱਸ ਨਿਮਿਤਜ਼ ’ਤੇ ਤਾਇਨਾਤ ਇਕ ਲੜਾਕੂ ਜਹਾਜ਼ ਤੇ ਇਕ ਹੈਲੀਕਾਪਟਰ 30 ਮਿੰਟ ਦੇ ਫਰਕ ਨਾਲ ਦੱਖਣੀ ਚੀਨ ਸਾਗਰ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸ਼ਾਂਤ ਸਾਗਰ ਵਿਚ ਜਲ ਸੈਨਾ ਦੇ ਬੇੜੇ ਨੇ ਇਹ ਜਾਣਕਾਰੀ ਦਿੱਤੀ ਹੈ। ਬੇੜੇ ਨੇ ਜਾਰੀ ਬਿਆਨ ’ਚ ਕਿਹਾ ਕਿ ਐੱਮ ਐੱਚ-60 ਆਰ ਸੀਅ ਹਾਕ ਹੈਲੀਕਾਪਟਰ ਦੀ ਚਾਲਕ ਟੀਮ ਦੇ ਤਿੰਨ ਮੈਂਬਰਾਂ ਨੂੰ ਲੰਘੀ ਦੁਪਹਿਰ ਬਚਾ ਲਿਆ ਗਿਆ ਅਤੇ ਐੱਫ/ਏ-18 ਐੱਫ ਸੁਪਰ ਹਾਰਨੈੱਟ ਲੜਾਕੂ ਜਹਾਜ਼ ’ਚ ਸਵਾਰ ਦੋ ਪਾਇਲਟ ਜਹਾਜ਼ ਤੋਂ ਬਾਹਰ ਨਿਕਲ ਗਏ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਹਾਦਸਿਆਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਟੋਕੀਓ ਜਾਂਦੇ ਸਮੇਂ ਏਅਰ ਫੋਰਸ ਵਨ ਜਹਾਜ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾਵਾਂ ‘ਖਰਾਬ ਈਂਧਣ’ ਕਾਰਨ ਵਾਪਰੀਆਂ ਹੋ ਸਕਦੀਆਂ ਹਨ।


